ਵਿਸ਼ਵ ਪੱਧਰ ਤੇ ਭੋਜਨ ਮੁਹੱਈਆ ਕਰਵਾਉਣ ਲਈ ਸ਼ਹਿਦ ਮੱਖੀਆਂ ਦੀ ਅਹਿਮ ਭੂਮਿਕਾ: ਕੇ.ਵੀ.ਕੇ. ਮਾਹਿਰ

ਐਸ.ਏ.ਐਸ ਨਗਰ, 21 ਮਈ,2021
ਵਿਸ਼ਵ ਮਧੂ ਮੱਖੀ ਦਿਵਸ ਦੇ ਮੌਕੇ ਤੇ ਕ੍ਰਿਸ਼ੀ ਵਿਗਿਆਨ ਕੇਂਦਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਸ਼ਹਿਦ ਮੱਖੀ ਪਾਲਕਾਂ ਲਈ ਆਨਲਾਈਨ ਟੇ੍ਰਨਿੰਗ ਕੋਰਸ ਕਰਵਾਇਆ ਗਿਆ ਜਿਸ ਦਾ ਉਦੇਸ਼ ਉਹਨਾਂ ਨੂੰ ਸ਼ਹਿਦ ਮੱਖੀਆਂ ਦੀਆਂ ਪਰ-ਪਰਾਗਣ ਸੇਵਾਵਾਂ ਬਾਰੇ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਐਸੋਸੀਏਟ ਡਾਇਰੈਕਟਰ, ਕੇ.ਵੀ.ਕੇ. ਐਸ.ਏ.ਐਸ. ਨਗਰ, ਡਾ. ਪਰਮਿੰਦਰ ਸਿੰਘ ਨੇ ਵਿਸ਼ਵ ਮਧੂ ਮੱਖੀ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਦ ਮੱਖੀ ਪਾਲਣ ਦੀ ਰੀਤ ਬੜੇ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ। ਫ਼ਸਲਾਂ, ਫੁੱਲਾਂ ਅਤੇ ਸਬਜ਼ੀਆਂ ਵਿੱਚ ਇਹਨਾਂ ਦੀਆਂ ਪਰ-ਪਰਾਗਣ ਸੇਵਾਵਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।ਉਹਨਾਂ ਸ਼ਹਿਦ ਦੀ ਮਿਲਾਵਟ ਤੇ ਕਾਬੂ ਪਾਉਣ ਲਈ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆਂ ਤੋਂ ਰਜਿਸਟਰੇਸ਼ਨ ਕਰਵਾਉਣ ਤੇ ਜ਼ੋਰ ਦਿੱਤਾ। ਉਹਨਾਂ ਸ਼ਹਿਦ ਮੱਖੀ ਪਾਲਣ ਦੇ ਕਿੱਤੇ ਵਿੱਚ ਜੁੜੇ ਹੋਏ ਮੱਖੀ ਪਾਲਕਾਂ ਨੂੰ ਵਧੇਰੇ ਮੁਨਾਫ਼ਾ ਕਮਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਤੇ ਪ੍ਰੋਗਰਾਮ ਇੰਚਾਰਜ, ਡਾ. ਹਰਮੀਤ ਕੌਰ ਨੇ ਸ਼ਹਿਦ ਮੱਖੀਆਂ ਦੁਆਰਾ ਫ਼ਸਲੀ ਝਾੜ ਵਿੱਚ ਵਾਧਾ ਕਰਨ, ਸ਼ੁੱਧ ਸ਼ਹਿਦ ਦੇ ਉਤਪਾਦਨ ਅਤੇ ਇਸ ਦੀ ਪੋ੍ਰਸੈਸਿੰਗ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸ਼ਹਿਦ ਤੋਂ ਇਲਾਵਾ ਮਧੂ ਮੱਖੀ ਪਾਲਕ ਹੋਰ ਹਾਈਵ ਪਦਾਰਥ ਜਿਵੇਂ ਕਿ ਪੋਲਨ, ਰਾਇਲ ਜ਼ੈਲੀ, ਪ੍ਰੋਪੋਲਿਸ, ਮਧੂ ਮੋਮ, ਜ਼ਹਿਰ ਆਦਿ ਪੈਦਾ ਕਰਕੇ ਵੀ ਚੰਗਾ ਮੁਨਾਫਾ ਕਮਾ ਸਕਦੇ ਹਨ। ਉਹਨਾਂ ਭਾਰਤ ਵਿੱਚ ਪਾਈਆਂ ਜਾਣ ਵਾਲੀਆਂ ਮਧੂ ਮੱਖੀ ਦੀਆਂ ਕਿਸਮਾਂ ਅਤੇ ਉਹਨਾਂ ਦੇ ਸੁੁਭਾਅ ਅਤੇ ਸ਼ਹਿਦ ਦੀ ਪੈਦਾਵਾਰ ਸੰਬੰਧੀ ਚਾਨਣਾ ਪਾਇਆ। ਮਧੂ ਮੱਖੀਆਂ ਦੁਆਰਾ ਪਰ-ਪਰਾਗਣ ਦੀ ਪ੍ਰਕਿਰਿਆ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਮਨੁੱਖੀ ਜੀਵਨ ਦੀ ਹੋਂਦ ਕਾਇਮ ਰੱਖਣ ਲਈ ਇਹਨਾਂ ਮੱਖੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦੌਰਾਨ ਡਾ. ਪਾਰੁਲ ਗੁਪਤਾ ਨੇ ਸ਼ਹਿਦ ਦੇ ਸਿਹਤ ਸੰਬੰਧੀ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵਧੇਰੇ ਮੁਨਾਫਾ ਕਮਾਉਣ ਲਈ ਸ਼ਹਿਦ ਦੇ ਮੁੱਲ ਵਰਧਕ ਉਤਪਾਦਾਂ ਜਿਵੇਂ ਕਿ ਸੰਤਰੇ ਅਤੇ ਨਿੰਬੂ ਨੂੰ ਸ਼ਹਿਦ ਵਿੱਚ ਮਿਲਾ ਕੇ ਬਣਿਆ ਸ਼ਰਬਤ, ਸ਼ਹਿਦ ਦਾ ਜੈਮ, ਗਰੈਨੋਲਾ ਬਾਰ ਆਦਿ ਤਿਆਰ ਕਰਕੇ ਵੇਚਣ ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਹਨਾਂ ਚਮੜੀ ਦੀ ਦੇਖਭਾਲ ਲਈ ਸ਼ਹਿਦ ਦੀ ਵਰਤੋਂ ਕਰਨ ਦੇ ਮਹੱਤਵਪੂਰਨ ਨੁਸਖੇ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਮੱਖੀ ਪਾਲਕਾਂ ਨੇ ਸ਼ਹਿਦ ਮੱਖੀ ਪਾਲਣ ਸੰਬੰਧੀ ਵਿਚਾਰ ਸਾਂਝੇ ਕੀਤੇ।