ਵਿੱਦਿਅਕ ਸਰਗਰਮੀਆਂ ਦੀ ਕਾਰਜਕੁਸ਼ਲਤਾ ਵਧਾਉਣ ਹਿਤ ਜ਼ਿਲ੍ਹੇ ਦੇ ਸਕੂਲਾਂ ‘ਚ ਬੱਡੀ ਹਫ਼ਤਾ ਆਰੰਭ

ਵਿੱਦਿਅਕ ਸਰਗਰਮੀਆਂ ਦੀ ਕਾਰਜਕੁਸ਼ਲਤਾ ਵਧਾਉਣ ਹਿਤ ਜ਼ਿਲ੍ਹੇ ਦੇ ਸਕੂਲਾਂ 'ਚ ਬੱਡੀ ਹਫ਼ਤਾ ਆਰੰਭ

-ਸਿੱਖਿਆ ਸਰਗਰਮੀਆਂ ਨੂੰ ਮਿਲੇਗਾ ਨਵਾਂ ਹੁਲਾਰਾ
ਪਟਿਆਲਾ, 28 ਸਤੰਬਰ:
ਸਕੂਲ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਗਤੀਵਿਧੀਆਂ ਦੀ ਕਾਰਜਕੁਸ਼ਲਤਾ ਵਧਾਉਣ ਹਿਤ ਹਰੇਕ ਸਕੂਲ ‘ਚ ਬੱਡੀ ਗਰੁੱਪ ਬਣਾਏ ਜਾ ਰਹੇ ਹਨ ਅਤੇ ਅੱਜ ਤੋਂ ਬੱਡੀ ਹਫ਼ਤਾ ਆਰੰਭ ਹੋ ਗਿਆ ਹੈ। ਇਸ ਤਹਿਤ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲ ‘ਚ ਬੱਡੀ ਗਰੁੱਪ ਸਰਗਰਮ ਹੋ ਗਏ ਹਨ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਪਣਾ ਗਿਆਨ ਇੱਕ ਦੂਜੇ ਨਾਲ ਸਾਂਝਾ ਕਰਨ ਲਈ ਬੱਡੀ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਨੂੰ ‘ਬੱਡੀ ਮੇਰਾ ਸਿੱਖਿਆ ਸਾਥੀ’ ਦਾ ਨਾਮ ਦਿੱਤਾ ਗਿਆ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲਾਂ ‘ਚ ਬੱਡੀ ਗਰੁੱਪ ਬਣ ਚੁੱਕੇ ਹਨ ਅਤੇ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਮੁੜ ਸਰਗਰਮ ਕਰਨ ਲਈ ਵਿਭਾਗ ਵੱਲੋਂ ਉਕਤ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਦੇ ਬਹੁਤ ਹੀ ਸਾਰਥਕ ਨਤੀਜੇ ਨਿਕਲਣਗੇ।
ਇਸ ਸਬੰਧੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਪ੍ਰਿੰ. ਤੋਤਾ ਸਿੰਘ ਚਹਿਲ ਨੇ ਦੱਸਿਆ ਕਿ ਵਿਭਾਗ ਦੇ ਆਦੇਸ਼ਾਂ ਅਨੁਸਾਰ ਉਨ੍ਹਾਂ ਨੇ ਵੀ ਆਪਣੇ ਸਕੂਲ ‘ਚ ਜ਼ਿਲ੍ਹੇ ਦੇ ਹਰੇਕ ਸਕੂਲ ਵਾਂਗ ਹਰੇਕ ਵਿਸ਼ੇ ਦੇ ਅਧਿਆਪਕਾਂ ਦੇ ਵੱਖਰੇ ਤੇ ਵਿਦਿਆਰਥੀਆਂ ਦੇ ਵੱਖਰੇ ਬੱਡੀ ਗਰੁੱਪ ਬਣਾਏ ਹੋਏ ਹਨ, ਜਿਨ੍ਹਾਂ ਦਾ ਮਕਸਦ ਗਿਆਨ ਹਾਸਲ ਕਰਨ ਦੀਆਂ ਤਰਕੀਬਾਂ ‘ਚ ਵਾਧਾ ਕਰਨਾ ਅਤੇ ਗਿਆਨ ਸਾਂਝਾ ਕਰਨਾ ਹੈ। ਉਨ੍ਹਾਂ ਕਿਹਾ ਕਿ ਬੱਡੀ ਗਰੁੱਪ ਸਿੱਖਣ ਪਰਿਣਾਮਾਂ ‘ਚ ਵਾਧਾ ਕਰਨ ਲਈ ਵੱਡਾ ਉਪਰਾਲਾ ਹੈ। ਇਸੇ ਤਰ੍ਹਾਂ ਸਰਕਾਰੀ ਸੈਕੰਡਰੀ ਸਕੂਲ ਮਾੜੂ ਦੇ ਪ੍ਰਿੰ. ਮਨਮੋਹਨ ਸਿੰਘ ਨੇ ਦੱਸਿਆ ਕਿ ਆਧੁਨਿਕ ਸੰਚਾਰ ਸਾਧਨਾਂ ਸਦਕਾ ਬੱਡੀ ਗਰੁੱਪ ਬਹੁਤ ਕਾਰਗਰ ਸਿੱਧ ਹੋ ਰਹੇ ਹਨ। ਬੱਚੇ ਤੇ ਅਧਿਆਪਕ ਹਰ ਤਰ੍ਹਾਂ ਦੀ ਵਿਦਿਅਕ ਗਤੀਵਿਧੀ ਦਾ ਸਾਥੀਆਂ ਨਾਲ ਅਦਾਨ ਪ੍ਰਦਾਨ ਜਲਦੀ ਕਰ ਲੈਂਦੇ ਹਨ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਹਸਨਪੁਰ ਪ੍ਰੋਹਤਾ ਦੇ ਇੰਚਾਰਜ ਅਰਵਿੰਦ ਸਿੰਘ ਨੇ ਦੱਸਿਆ ਕਿ ਉਹ ਕੋਰੋਨਾ ਸੰਕਟ ਦੌਰਾਨ ਬੱਡੀ ਗਰੁੱਪਾਂ ਰਾਹੀਂ ਹੀ ਹਰ ਇੱਕ ਬੱਚੇ ਨੂੰ ਵਿਦਿਅਕ ਗਤੀਵਿਧੀਆਂ ਨਾਲ ਜੋੜਨ ‘ਚ ਸਫਲ ਰਹੇ। ਇਸ ਨਾਲ ਹੀ ਪੰਜਾਬ ਅਚੀਵਮੈਂਟ ਸਰਵੇ ਦਾ ਪਹਿਲਾ ਪੜਾਅ ਵੀ ਸਫਲਤਾ ਪੂਰਵਕ ਨੇਪਰੇ ਚੜਿਆ ਹੈ। ਸ.ਸ. ਅਧਿਆਪਕ ਇਕਬਾਲ ਸਿੰਘ ਕਲਿਆਣ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਹੀ ਅਜਿਹੇ ਨਿਵੇਕਲੇ ਉੱਦਮ ਕੀਤੇ ਜਾ ਰਹੇ ਹਨ, ਜਿਨ੍ਹਾਂ ਸਦਕਾ ਅਧਿਆਪਕ ਬਹੁਤ ਜਲਦੀ ਵਿਦਿਆਰਥੀਆਂ ਤੱਕ ਆਪਣੀ ਗੱਲ ਪੁੱਜਦੀ ਕਰ ਦਿੰਦੇ ਹਨ।