-ਧਰਮਸੋਤ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ‘ਆਪ’ ਨੇ ਕੀਤਾ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ
ਬਠਿੰਡਾ, 3 ਸਤੰਬਰ 2020
ਦਲਿਤ ਪਰਿਵਾਰਾਂ ਨਾਲ ਸੰਬੰਧਿਤ ਲੱਖਾਂ ਹੋਣਹਾਰ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ ‘ਚ ਹੋਏ ਤਾਜ਼ਾ ਘੁਟਾਲੇ ‘ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਅੱਜ (ਵੀਰਵਾਰ) ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਥਾਨਕ ਅੰਬੇਡਕਰ ਪਾਰਕ ਕਚਹਿਰੀਆਂ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁਤਲੇ ਫੂਕੇ।
‘ਆਪ’ ਦੇ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਪਾਰਟੀ ਆਗੂ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕੀਤੀ। ਇਸ ਦੌਰਾਨ ਸਥਾਨਕ ਆਗੂਆਂ ਵਿਚੋਂ ਨਵਦੀਪ ਸਿੰਘ ਜੀਦਾ, ਨੀਲ ਗਰਗ, ਅਮਰਦੀਪ ਰਾਜਨ, ਰਾਕੇਸ਼ ਪੁਰੀ, ਮਾਸਟਰ ਜਗਸੀਰ ਸਿੰਘ, ਅਮ੍ਰਿਤ ਲਾਲ ਅਗਰਵਾਲ, ਸੁਖਵੀਰ ਸਿੰਘ ਮਾਇਸਰਖਾਨਾ, ਨਛੱਤਰ ਸਿੰਘ ਸਿੱਧੂ, ਜਤਿੰਦਰ ਸਿੰਘ ਭੱਲਾ ਅਤੇ ਹੋਰ ਆਗੂ ਸ਼ਾਮਲ ਸਨ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮੰਤਰੀ ‘ਤੇ ਦੋਸ਼ ਲਗਾਏ ਕਿ ਉਹ ਦਲਿਤ ਵਿਦਿਆਰਥੀਆਂ ਦੀ ਵਜ਼ੀਫ਼ਾ ਸਕੀਮ ‘ਚ ਸਿੱਧਾ 63.91 ਕਰੋੜ ਰੁਪਏ ਹੜੱਪਣ ਵਾਲੇ ਆਪਣੇ ਭ੍ਰਿਸ਼ਟ ਮੰਤਰੀ (ਧਰਮਸੋਤ) ਨੂੰ ਬਰਖ਼ਾਸਤ ਕਰਨ ‘ਚ ਬਚਾਉਣ ਲਈ ਸਾਰੀਆਂ ਨੈਤਿਕ ਅਤੇ ਪ੍ਰਸ਼ਾਸਨਿਕ ਹੱਦਾਂ ਟੱਪ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਵਜ਼ੀਫ਼ਾ ਘੁਟਾਲੇ ਦੀ ਵਿਭਾਗੀ ਜਾਂਚ 2 ਅਧਿਕਾਰੀਆਂ ਨੂੰ ਸੌਂਪੇ ਜਾਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜਾਂਚ ਕੋਈ ਵੀ ਏਜੰਸੀ ਕਰੇ ਪ੍ਰੰਤੂ ਜਾਂਚ ਮਾਣਯੋਗ ਹਾਈਕੋਰਟ ਦੇ ਮੌਜੂਦਾ ਜੱਜਾਂ ਦੀ ਨਿਗਰਾਨੀ ਹੇਠ ਸਮਾਂਬੱਧ ਹੋਵੇ ਅਤੇ ਇਸ ਜਾਂਚ ਦਾ ਦਾਇਰਾ 2012-13 ਤੱਕ ਵਧਾਇਆ ਜਾਵੇ, ਕਿਉਂਕਿ ਬਾਦਲਾਂ ਦੀ ਸਰਕਾਰ ਵੇਲੇ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ‘ਚ 1200 ਕਰੋੜ ਰੁਪਏ ਤੋਂ ਵੱਧ ਦੀ ਗੜਬੜੀ ਹੋਈ ਹੈ। ਇਸ ਲਈ ਧਰਮਸੋਤ ਦੇ ਨਾਲ-ਨਾਲ ਬਾਦਲਾਂ ਦੇ ਕਾਰਜਕਾਲ ਦੀ ਵੀ ਜਾਂਚ ਹੋਵੇ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਲੱਖਾਂ ਹੋਣਹਾਰ ਦਲਿਤ ਵਿਦਿਆਰਥੀਆਂ ਦੇ ਭਵਿੱਖ ਦਾ ਕਾਤਲ ਹੈ। ਦਲਿਤ ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ‘ਚੋ ਸਿੱਧਾ 63.91 ਕਰੋੜ ਰੁਪਏ ਹੜੱਪਣ ਵਾਲੇ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਵਧੀਕ ਮੁੱਖ ਸਕੱਤਰ ਵੱਲੋਂ ਜਿੰਨੇ ਦਸਤਾਵੇਜ਼ੀ ਸਬੂਤਾਂ ਨਾਲ ਸਰਕਾਰ ਨੂੰ ਜਾਂਚ ਰਿਪੋਰਟ ਸੌਂਪੀ ਹੈ, ਉਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਭ੍ਰਿਸ਼ਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 5 ਮਿੰਟਾਂ ‘ਚ ਮੰਤਰੀ ਮੰਡਲ ‘ਚੋ ਬਰਖ਼ਾਸਤ ਕਰਕੇ ਫ਼ੌਜਦਾਰੀ ਮੁਕੱਦਮਾ ਦਰਜ ਕਰ ਲਿਆ ਜਾਣਾ ਚਾਹੀਦਾ ਸੀ ਤਾਂ ਕਿ ਹੁਣ ਤੱਕ ਮੰਤਰੀ ਅਤੇ ਉਸ ਦਾ ਪੂਰਾ ਭ੍ਰਿਸ਼ਟ ਗਿਰੋਹ ਗ੍ਰਿਫ਼ਤਾਰ ਕਰ ਲਿਆ ਜਾਂਦਾ, ਪ੍ਰੰਤੂ ਰਾਜਾ ਅਮਰਿੰਦਰ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਨ ਦੀ ਥਾਂ ਉਸ ਨੂੰ ‘ਕਲੀਨ ਚਿਟ’ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕਿਆ ਹੈ। ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਜਦੋਂ ਤੱਕ ਕਾਂਗਰਸ ਧਰਮਸੋਤ ਨੂੰ ਬਰਖ਼ਾਸਤ ਕਰਕੇ ਪੂਰੇ ‘ਗਿਰੋਹ’ ਵਿਰੁੱਧ ਫ਼ੌਜਦਾਰੀ ਮੁਕੱਦਮਾ ਦਰਜ ਨਹੀਂ ਕਰਦੀ ਉਦੋਂ ਤੱਕ ‘ਆਪ’ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਬਲਦੇਵ ਸਿੰਘ, ਮਲਕੀਤ ਸਿੰਘ, ਨਛੱਤਰ ਸਿੰਘ ਮੋੜ, ਛਿੰਦਰਪਾਲ ਸਿੰਘ, ਬਲਜਿੰਦਰ ਕੌਰ ਤੁੰਗਵਾਲੀ, ਹਰਜਿੰਦਰ ਕੌਰ, ਅਚਲਾ ਸ਼ਰਮਾ, ਬਲਕਾਰ ਸਿੰਘ ਭੋਖੜਾ, ਟੇਕ ਸਿੰਘ ਬੰਗੀ, ਨਛੱਤਰ ਸਿੰਘ, ਸਰਪੰਚ ਪ੍ਰਦੀਪ ਕਾਲੀਆ, ਪ੍ਰਦੀਪ ਮਿੱਤਲ, ਵਿਕਰਮ ਲਵਲੀ, ਮਨਜੀਤ ਸਿੰਘ ਮੌੜ ਰਾਮਫਲ, ਅਨਿਲ ਕੁਮਾਰ, ਭੁਪਿੰਦਰ ਸਿੰਘ, ਗੋਗੀ ਚਹਿਲ, ਕੁਲਵੰਤ ਸਿੰਘ, ਅਮਨਦੀਪ ਸਿੰਘ, ਐਮਐਲ ਜਿੰਦਲ, ਬਲਜੀਤ ਬੱਲੀ, ਭੂਸ਼ਨ ਕੁਮਾਰ, ਕੁਲਦੀਪ ਸਿੰਘ ਗੁਲਾਬਗੜ ਅਤੇ ਵੱਡੀ ਗਿਣਤੀ ਵਿਚ ਵਲੰਟੀਅਰਜ਼ ਹਾਜ਼ਰ ਸਨ।

English





