ਸ਼ਹਿਰ ਕੋ ਗੰਦਾ ਕਰਨ ਵਾਲਿਆਂ ਨੂੰ ਚਿਤਾਵਨੀ: ਸਰਕਾਰੀ ਪ੍ਰਾਪਰਟੀ ਤੇ ਨਿੱਜੀ ਪੋਸਟਰ ਲਗਾਉਣ ਤੇ ਹੋਵੇਗੀ ਕਾਰਵਾਈ

 ਸਰਕਾਰੀ ਇਮਾਰਤਾਂ ਤੋ ਨਗਰ ਕੌਂਸਲ ਨੇ ਉਤਰਾਏ ਹਜ਼ਾਰਾਂ ਪੋਸਟਰ/ਬੈਨਰ
ਫਿਰੋਜ਼ਪੁਰ 1 ਜੁਲਾਈ 2021 ਪਿਛਲੇ ਦਿਨੀ ਫਿਰੋਜ਼ਪੁਰ ਸ਼ਹਿਰ ਅੰਦਰ ਕਈ ਰਾਜਨੀਤਿਕ, ਸਮਾਜਿਕ ਅਤੇ ਨਿੱਜੀ ਸੰਸਥਾ/ਪਾਰਟੀ ਵਲੋਂ ਸ਼ਹਿਰ ਦੀਆ ਸਰਕਾਰੀ ਇਮਾਰਤਾਂ, ਬਿਜਲੀ ਦੇ ਖੰਭਿਆਂ, ਸਟਰੀਟ ਲਾਇਨ ਦੇ ਖੰਭਿਆਂ ਅਤੇ ਹੋਰ ਸਰਕਾਰੀ ਸੰਪੰਤੀ ਤੇ ਪੋਸਟਰ ਲਗਾਏ ਗਏ ਸਨ। ਹਜ਼ਾਰਾ ਦੀ ਤਾਦਾਦ ਵਿੱਚ ਲੱਗੇ ਇਨ੍ਹਾਂ ਪੋਸਟਰਾਂ ਨੂੰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਹਟਾਇਆ ਗਿਆ ਅਤੇ ਜੁਬਾਨੀ ਤੌਰ ਤੇ ਇਨ੍ਹਾਂ ਸੰਸਥਾਵਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭੱਵਿਖ ਵਿੱਚ ਸਰਕਾਰੀ ਸੰਪੰਤੀ ਤੇ ਪੋਸਟਰ ਲਗਾਏ ਗਏ ਜਾਂ ਸ਼ਹਿਰ ਨੂੰ ਗੰਦਾ ਕੀਤਾ ਗਿਆ ਤਾਂ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਰੂਲਾਂ ਅਨੁਸਾਰ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਮੋਕੇ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਨੇ ਸਮੂਹ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਇਹ ਤੁਹਾਡਾ ਆਪਣਾ ਸ਼ਹਿਰ ਹੈ। ਇਸ ਨੂੰ ਸੁੰਦਰ ਅਤੇ ਸਾਫ ਰੱਖਣ ਦੀ ਜਿੰਮੇਵਾਰੀ ਸਾਡੀ ਸਭ ਦੀ ਹੈ। ਇਸ ਲਈ ਕੋਈ ਵੀ ਰਾਜਨੀਤਿਕ, ਧਾਰਮਿਕ, ਸਮਾਜਿਕ ਜਾਂ ਨਿੱਜੀ ਸੰਸਥਾ ਭੱਵਿਖ ਵਿੱਚ ਸਰਕਾਰੀ ਪ੍ਰਾਪਰਟੀ ਤੇ ਕੋਈ ਵੀ ਪੋਸਟਰ ਨਾ ਲਗਵਾਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮੁਨਾਦੀ ਵੀ ਕਰਵਾਈ ਜਾ ਰਹੀ ਹੈ ਅਤੇ ਪੋਸਟਰ ਉਤਾਰਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।