ਸ਼੍ਰੀ ਜਤਿੰਦਰ ਸਿੰਘ ਮੁੰਡਾ ਪਿੰਡ ਫਸਲਾ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਕਰ ਰਿਹਾ ਹੈ ਸਫਲ ਖੇਤੀ

ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਕਰ ਰਿਹਾ ਹੈ ਪ੍ਰੇਰਿਤ 
ਤਰਨ ਤਾਰਨ, 23 ਅਕਤੂਬਰ :
ਅਜੋਕੇ ਪੰਜਾਬ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਜਿਵੇਂ ਕਿ ਕਣਕ ਦਾ ਨਾੜ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਕਾਫ਼ੀ ੳਪੁਰਾਲੇ ਵੀ ਕੀਤੇ ਜਾ ਰਹੇ ਹਨ।ਇਸੇ ਰੁਝਾਨ ਦੌਰਾਨ ਕੁਝ ਅਜਿਹੇ ਕਿਸਾਨ ਵੀ ਹਨ ਜੋ ਕਿ ਕਾਫੀ ਲੰਮੇ ਸਮੇ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕਿ ਚੰਗਾ ਝਾੜ ਪ੍ਰਾਪਤ ਕਰਕੇ ਚੰਗੀ ਕਮਾਈ ਕਰ ਰਹੇ ਹਨ।
ਅਗਾਂਹ ਵਧੂ ਕਿਸਾਨ ਸ਼੍ਰੀ ਜਤਿੰਦਰ ਸਿੰਘ ਪੁੱਤਰ ਸ਼੍ਰੀ ਅਮਰੀਕ ਸਿੰਘ ਵਾਸੀ ਪਿੰਡ ਮੁੰਡਾ ਪਿੰਡ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਇੱਕ ਅਜਿਹਾ ਸਫਲ ਕਿਸਾਨ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕਿ ਕਣਕ ਝੋਨੇ ਦੀ ਸਫਲ ਖੇਤੀ ਕਰ ਰਿਹਾ ਹੈ। ਸ਼੍ਰੀ ਜਤਿੰਦਰ ਸਿੰਘ ਜੋ ਕਿ ਲਗਭਗ 100 ਏਕੜ ਰਕਬੇ ਦੀ ਖੇਤੀ ਕਰਦਾ ਹੈ, ਜਿਸ ਵਿੱਚ 30 ਏਕੜ ਝੋਨੇ ਦੀ ਸਿੱਧੀ ਬਿਜਾਈ ਅਤੇ 70 ਏਕੜ ਪੈਡੀਟਰਾਂਸਪਲਾਂਟਰ ਨਾਲ ਬਿਜਾਈ ਕੀਤੀ ਗਈ, ਜਿਸ ਦੀ ਬਿਜਾਈ ਤੇ ਲਗਭਗ 5 ਤੋ 6 ਲੱਖ ਰੁਪਏ ਦਾ ਫਾਇਦਾ ਹੋਇਆ।
ਜਤਿੰਦਰ ਸਿੰਘ ਦੱਸਦਾ ਹੈ ਕਿ ਮੈਂ ਪਿਛਲੇ ਸਮੇਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਬਿਨਾ ਜ਼ਮੀਨ ਵਿੱਚ ਰਲਾ/ਦਬਾ ਕੇ ਅਗਲੀ ਫਸਲ ਬੀਜਦਾ ਹਾਂ। ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਨਾਲ ਨਦੀਨ ਨਾਸ਼ਕ, ਕੀਟ ਨਾਸ਼ਕ ਅਤੇ ਖਾਦਾਂ ਦਾ ਖਰਚਾ ਘਟਣ ਨਾਲ ਲਗਭਗ 2 ਤੋਂ 3 ਕੁਇੰਟਲ ਆਮ ਖੇਤਾਂ ਨਾਲੋ ਵੱਧ ਝਾੜ ਆਉਦਾ ਹੈ, ਜਿਸ ਨਾਲ ਲਗਭਗ 4 ਤੋਂ 5 ਲੱਖ ਰੁਪਏ ਦਾ ਮੁਨਾਫ਼ਾ ਹੁੰਦਾ ਹੈ। ਇਸ ਵਾਰ ਉਹਨਾ  ਕੁਝ ਰਕਬੇ ਵਿੱਚ ਸਰੈਡਰ/ਮਲਚਰ ਅਤੇ ਰੋਟਾਵੇਟਰ ਚਲਾ ਕੇ ਪਰਾਲੀ ਰਲਾ ਦਿੱਤੀ ਅਤੇ ਕੁਝ ਰਕਬੇ ਵਿੱਚ ਹੈਪੀ ਸੀਡਰ ਨਾਲ ਬਿਜਾਈ ਕੀਤੀ ਹੈ।
ਕਿਸਾਨ ਜਤਿੰਦਰ ਸਿੰਘ ਦੇ ਦੱਸਣ ਮੁਤਾਬਕ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਵਾਹੁਣ ਕਰਕੇ ਆਰਗੈਨਿਕ ਮਾਦਾ ਕਾਫੀ ਵੱਧ ਗਿਆ ਹੈ।ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਰਕੇ ਖੇਤਾਂ ਵਿੱਚ ਮਿੱਤਰ ਕੀੜੇ ਜਿਉਂਦੇ ਰਹਿੰਦੇ ਹਨ, ਜੋ ਕਿ ਹਾਨੀ ਕਾਰਕ ਕੀੜਿਆਂ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦੇ ਹਨ।ਇਸ ਲਈ ਇਹ ਕਿਸਾਨ ਬਹੁਤ ਹੀ ਥੋੜੀ ਮਾਤਰਾ ਵਿੱਚ ਕੀਟਨਾਸ਼ਕ ਦਵਾਈਆਂ ਸਲਫਰ, ਜਿੰਕ ਅਤੇ ਹੋਰ ਆਰਗੈਨਿਕ ਖਾਦਾਂ ਦੀ ਵਰਤੋਂ ਕਰਦਾ ਹੈ, ਜਿਸ ਨਾਲ ਖੇਤੀ ਦੀ ਲਾਗਤ ਵਿੱਚ ਕਾਫੀ ਘੱਟ ਖਰਚਾ ਆਉਦਾ ਹੈ।ਇਹ ਕਿਸਾਨ ਆਪਣੇ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।