ਸਕੂਲਾਂ ਦੀ ਤਾਲਾਬੰਦੀ ਦੇ ਚੱਲਦਿਆਂ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਵੀ ਪੜ੍ਹਾਈ ਵਾਂਗ ਆਨਲਾਈਨ ਹੋਈਆਂ

ਸਕੂਲਾਂ ਦੀ ਤਾਲਾਬੰਦੀ ਦੇ ਚੱਲਦਿਆਂ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਵੀ ਪੜ੍ਹਾਈ ਵਾਂਗ ਆਨਲਾਈਨ ਹੋਈਆਂ
ਜਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕ ਦਿਵਸ ਦੀਆਂ ਮੁਬਾਰਕਾਂ।
ਬਰਨਾਲਾ,4 ਸਤੰਬਰ(  )-ਸਾਡੇ ਮੁਲਕ ਵਿੱਚ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਹਰ ਵਰ੍ਹੇ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਮੌਕੇ ਹੋਰਨਾਂ ਵਿੱਦਿਅਕ ਸੰਸਥਾਵਾਂ ਦੇ ਨਾਲ ਨਾਲ ਸਰਕਾਰੀ ਸਕੂਲਾਂ ‘ਚ ਵੀ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੇ ਸਨਮਾਨ ਵਿੱਚ ਸਮਾਗਮ ਕੀਤੇ ਜਾਂਦੇ ਹਨ।ਪਰ ਇਸ ਵਾਰ ਸਕੂਲਾਂ ਦੀ ਤਾਲਾਬੰਦੀ ਹੋਣ ਕਾਰਨ  ਅਜਿਹੇ ਸਮਾਗਮ ਕਰਨੇ ਸੰਭਵ ਨਹੀਂ ਹਨ।ਇਸ ਵਾਰ ਆਨਲਾਈਨ ਪੜ੍ਹਾਈ ਵਾਂਗ ਹੀ ਅਧਿਆਪਕ ਦਿਵਸ ਵੀ ਆਨਲਾਈਨ ਮਨਾਇਆ ਜਾ ਰਿਹਾ ਹੈ।
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਨੂੰ ਹੱਥੀਂ ਬਣਾਏ ਵਧਾਈ ਕਾਰਡ ਆਨਲਾਈਨ ਭੇਜ ਕੇ ਸਤਿਕਾਰ ਪ੍ਰਗਟਾਉਣ ਦਾ ਤਰੀਕਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ।ਕਈ ਸਕੂਲਾਂ ਵੱਲੋਂ ਇਸ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।ਇਸ ਦੌਰਾਨ ਵਿਦਿਆਰਥੀਆਂ ਵੱਲੋਂ ਹੱਥ ਨਾਲ ਵਧਾਈ ਕਾਰਡ ਬਣਾਉਣ ਦੇ ਨਾਲ ਨਾਲ ਭਾਸ਼ਣ ,ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ।ਸਥਾਨਕ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਦੇ ਪ੍ਰਿੰਸੀਪਲ ਸ੍ਰੀਮਤੀ ਅਰੁਣ ਗਰਗ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਦੇ ਪ੍ਰਿੰਸੀਪਲ ਸ੍ਰ ਰਜਿੰਦਰਪਾਲ ਸਿੰਘ,ਸ਼ਹੀਦ ਬੁੱਧੂ ਖਾਂ ਸੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸ਼ਹਿਣਾ ਦੇ ਪ੍ਰਿੰਸੀਪਲ ਸ੍ਰੀਮਤੀ ਇਕਬਾਲ ਕੌਰ ਉਦਾਸੀ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ ਅਤੇ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਦੀ ਹੈਡਮਿਸਟ੍ਰੈਸ ਸ੍ਰੀਮਤੀ ਸੁਰੇਸ਼ਟਾ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਹੱਥਾਂ ਨਾਲ ਬਣਾਏ ਖੂਬਸੂਰਤ ਵਧਾਈ ਕਾਰਡ ਅਤੇ ਸਤਿਕਾਰ ਪ੍ਰਗਟਾਉਂਦੀਆਂ ਵੀਡੀਓਜ਼ ਆਨਲਾਈਨ ਭੇਜੀਆਂ ਜਾ ਰਹੀਆਂ ਹਨ।
ਅਧਿਆਪਕ ਦਿਵਸ ਮੌਕੇ ਹੱਥੀਂ ਵਧਾਈ ਕਾਰਡ ਬਣਾਕੇ ਭੇਜਣ ਵਾਲੀਆਂ ਵਿਦਿਆਰਥਣਾਂ ਰਮਨਦੀਪ ਕੌਰ, ਪ੍ਰਭਜੋਤ ਕੌਰ, ਖੁਸ਼ਪ੍ਰੀਤ ਕੌਰ,ਮਹਿਕਪ੍ਰੀਤ ਕੌਰ ,ਗਗਨਦੀਪ ਕੌਰ ਅਤੇ ਅਵਨੀਤ ਕੌਰ ਨੇ ਕਿਹਾ ਕਿ ਮੌਜ਼ੂਦਾ ਸਮੇਂ ‘ਚ ਵੀ ਸਕੂਲਾਂ ਦੀ ਤਾਲਾਬੰਦੀ ਦੌਰਾਨ ਸਾਡੇ ਅਧਿਆਪਕਾਂ ਵੱਲੋਂ ਸਾਡੀ ਪੜ੍ਹਾਈ ਨੂੰ ਨਿਰਵਿਘਨ ਚਲਾਉਣ ਦੇ ਨਾਲ ਨਾਲ ਸਾਨੂੰ ਕੋਰੋਨਾ ਮਹਾਮਾਰੀ ਤੋਂ ਬਚਾਅ ਅਤੇ ਜਿੰਮੇਵਾਰ ਨਾਗਰਿਕ ਵਜੋਂ ਵਿਚਰਨ ਦੀ ਸਿੱਖਿਆ ਵੀ ਦਿੱਤੀ ਜਾ ਰਹੀ ਹੈ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਮਨਿੰਦਰ ਕੌਰ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਅਧਿਆਪਕ ਦੇ ਉਸਾਰੂ ਸਹਿਯੋਗ ਤੋਂ ਬਿਨਾਂ ਬਿਹਤਰ ਸਮਾਜ ਉਸਾਰੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਅਧਿਆਪਕਾਂ ਨੇ ਭੂਮਿਕਾ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ।ਆਨਲਾਈਨ ਤਰੀਕੇ ਨਾਲ ਆਪਣੇ ਅਧਿਆਪਕਾਂ ਨੂੰ ਹੱਥੀਂ ਬਣਾਏ ਵਧਾਈ ਕਾਰਡ ਭੇਜਣ ਵਾਲੇ ਵਿਦਿਆਰਥੀਆਂ ਦੀ ਪ੍ਰਸ਼ੰਸ਼ਾ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਅਧਿਆਪਕ ਨੂੰ ਸਤਿਕਾਰ ਦੇਣ ਵਾਲੇ ਵਿਦਿਆਰਥੀ ਇੱਕ ਦਿਨ ਸਫ਼ਲਤਾ ਦੇ ਅੰਬਰ ‘ਤੇ ਉਡਾਣ ਜਰੂਰ ਭਰਦੇ ਹਨ।ਵਿਭਾਗ ਦੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਦਿੱਤਾ ਸਤਿਕਾਰ ਹੈ ਅਧਿਆਪਕ ਲਈ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ।ਉਹਨਾਂ ਕਿਹਾ ਕਿ ਜ਼ਿੰਦਗੀ ਵਿੱਚ ਜਿੰਨ੍ਹੇ ਮਰਜ਼ੀ ਵੱਡੇ ਆਹੁਦੇ ‘ਤੇ ਪੁੱਜ ਜਾਈਏ ਪਰ ਅਧਿਆਪਕ ਦਾ ਸਤਿਕਾਰ ਨਹੀਂ ਭੁੱਲਣਾ ਚਾਹੀਦਾ।