■ ਵਿਦਿਆਰਥੀ ਘਰ ਬੈਠੇ ਹੀ ਤਲਾਸ਼ ਸਕਣਗੇ ਉਚੇਰੀ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ
ਬਰਨਾਲਾ, 19 ਮਈ , 2021:
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਪੱਧਰ ‘ਤੇ ਬਿਹਤਰੀਨ ਪੜ੍ਹਾਈ ਦੇਣ ਦੇ ਨਾਲ ਨਾਲ ਉੱਚ ਸਿੱਖਿਆ ਪ੍ਰਾਪਤੀ ਅਤੇ ਰੋਜ਼ਗਾਰ ਪ੍ਰਾਪਤੀ ਲਈ ਅਗਵਾਈ ਦੇਣ ਲਈ ਵੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ ਹੀ ਵਿਭਾਗ ਵੱਲੋਂ ‘ਪੰਜਾਬ ਕਰੀਅਰ ਪੋਰਟਲ’ ਸਥਾਪਿਤ ਕੀਤਾ ਗਿਆ ਹੈ। ਇਸ ਪੋਰਟਲ ਦੀ ਮਦਦ ਨਾਲ ਵਿਦਿਆਰਥੀ ਆਪਣੇ ਅਤੇ ਹੋਰਨਾਂ ਰਾਜਾਂ, ਬਾਹਰਲੇ ਮੁਲਕਾਂ ਵਿੱਚ ਆਪਣੀ ਉਚੇਰੀ ਸਿੱਖਿਆ ਦੇ ਖੇਤਰ ਦੀ ਚੋਣ ਕਰਨ ਸਮੇਤ ਆਪਣੀ ਯੋਗਤਾ ਅਤੇ ਪਸੰਦ ਅਨੁਸਾਰ ਰੁਜ਼ਗਾਰ ਦੀ ਚੋਣ ਅਸਾਨੀ ਨਾਲ ਕਰ ਸਕਣਗੇ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਲਈ ਨਿੱਤ ਦਿਨ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।ਇਹਨਾਂ ਉਪਰਾਲਿਆਂ ਦੀ ਲੜੀ ਵਿੱਚ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕਰੀਅਰ ਚੋਣ ਸਬੰਧੀ ਗਾਈਡੈਂਸ ਪ੍ਰਦਾਨ ਕਰਨ ਲਈ ਇੱਕ ਪੋਰਟਲ ‘ਪੰਜਾਬ ਕਰੀਅਰ ਪੋਰਟਲ’ ਸਥਾਪਤ ਕੀਤਾ ਗਿਆ ਹੈ। ਇਸ ਪੋਰਟਲ ਦੀ ਵਰਤੋਂ ਕਰਨ ਲਈ ਹਰ ਵਿਦਿਆਰਥੀ ਦੀ ਨਿੱਜੀ ਆਈ ਡੀ ਬਣਾਈ ਜਾਵੇਗੀ। ਜਿਸ ਦੀ ਵਰਤੋਂ ਕਰਦਿਆਂ ਵਿਦਿਆਰਥੀ ਆਪਣੇ ਦੇਸ਼ ਅਤੇ ਬਾਹਰਲੇ ਦੇਸ਼ਾਂ ਦੇ ਲਗਪਗ 21000 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 450 ਦੇ ਕਰੀਬ ਕਿੱਤਿਆਂ, ਲਗਪਗ 1150 ਪ੍ਰਵੇਸ਼ ਪ੍ਰੀਖਿਆਵਾਂ ਅਤੇ ਲਗਪਗ 1200 ਵਜ਼ੀਫ਼ਿਆਂ ਦੀ ਜਾਣਕਾਰੀ ਹਾਸਲ ਕਰ ਸਕਣਗੇ। ਵਿਭਾਗ ਵੱਲੋਂ ਆਈ ਡੀ ਦੀ ਵਰਤੋਂ ਸਹੀ ਢੰਗ ਨਾਲ ਕਰਨ ਸਬੰਧੀ ਅਧਿਆਪਕਾਂ ਦੇ ਕਪੈਸਟੀ ਬਿਲਡ ਪ੍ਰੋਗਰਾਮ ਵੀ ਲਗਾਏ ਜਾ ਰਹੇ ਹਨ ਤਾਂ ਕਿ ਅਧਿਆਪਕ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰ ਸਕਣ।
ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਯੂਨੀਸੈਫ, ਐਨਜੀਓ ਆਸਮਾਂ ਫਾਊਂਡੇਸ਼ਨ ਅਤੇ ਟਾਟਾ ਪਾਵਰ ਵੱਲੋਂ ਚਲਾਇਆ ਜਾ ਰਿਹਾ ਹੈ। ਰਾਜ ਦੇ ਲਗਪਗ 20000 ਸਕੂਲਾਂ ਦੇ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਲਗਪਗ 8.5 ਲੱਖ ਵਿਦਿਆਰਥੀਆਂ ਲਈ ਇਹ ਪ੍ਰੈਜੈਕਟ ਵਰਦਾਨ ਸਾਬਤ ਹੋਵੇਗਾ। ਪੰਜਾਬ ਸਰਕਾਰ ਦੀ ਯੋਗ ਅਗਵਾਈ ਤਹਿਤ ਇਹ ਪ੍ਰੋਜੈਕਟ ਲੜਕੀਆਂ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਸਹੀ ਸਟਰੀਮ ਦੀ ਚੋਣ ਕਰਕੇ ਰੁਜ਼ਗਾਰ ਪ੍ਰਾਪਤੀ ਵਿੱਚ ਖਾਸ ਤੌਰ ‘ਤੇ ਸਹਾਈ ਹੋਵੇਗਾ।

English






