— 1 ਕਰੋੜ 65 ਲੱਖ ਦੇ ਕਰੀਬ ਗ੍ਰਾਂਟ ਦੇ ਨਾਲ ਦਿੱਤੀ ਜਾਵੇਗੀ ਨਵੀਂ ਦਿੱਖ
ਰੂਪਨਗਰ, 3 ਨਵੰਬਰ:
ਸਰਕਾਰੀ ਕਾਲਜ ਰੋਪੜ, ਜੋ ਕਿ ਰੂਪਨਗਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਕਾਲਜ ਹੈ, ਦੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ 1 ਕਰੋੜ 65 ਲੱਖ ਦੇ ਕਰੀਬ ਗ੍ਰਾਂਟ ਨਾਲ ਨੁਹਾਰ ਬਦਲੀ ਜਾਵੇਗੀ ਅਤੇ ਇਸ ਨੂੰ ਇੱਕ ਨਵੀਂ ਦਿੱਖ ਦਿੱਤੀ ਜਾਵੇਗੀ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਸਰਕਾਰੀ ਕਾਲਜ ਰੋਪੜ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਸਮੇਂ ਕੀਤਾ।
ਇਸ ਮੌਕੇ ਗੱਲਬਾਤ ਕਰਦਿਆ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਦੇ ਕੁਝ ਮਹੀਨੇ ਪਹਿਲਾ ਸਰਕਾਰੀ ਕਾਲਜ ਰੋਪੜ ਨੂੰ ਤਕਰੀਬਨ 1 ਕਰੋੜ 65 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ ਸੀ, ਜਿਸ ਵਿਚੋਂ 1 ਕਰੋੜ 26 ਲੱਖ ਦੇ ਟੈਂਡਰ ਪਾਸ ਕਰਕੇ ਅੱਜ ਕੰਮ ਸ਼ੁਰੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਗਭਗ 15 ਸਾਲਾਂ ਦੇ ਅਰਸੇ ਬਾਅਦ ਇਥੇ ਰੰਗ ਰੋਗਨ ਜਾ ਕੋਈ ਹੋਰ ਵਿਕਾਸ ਕਾਰਜ ਸ਼ੁਰੂ ਹੋਣ ਲੱਗਾ ਹੈ।
ਉਨ੍ਹਾਂ ਦੱਸਿਆ ਕਿ ਰੰਗ ਰੋਗਨ ਤੋਂ ਇਲਾਵਾ ਰੈਂਪ ਬਣਾਉਣਾ, ਕਲਾਸ ਰੂਮਾਂ ਵਿੱਚ ਸੁਧਾਰ, ਪਾਰਕਿੰਗ ਦਾ ਕੰਮ ਅਤੇ ਹੋਰ ਬਹੁਤ ਸਾਰੇ ਕੰਮ ਕਰਵਾਏ ਜਾਣਗੇ, ਜਿਸ ਨਾਲ ਕਾਲਜ ਦੀ ਦਿੱਖ ਵਿਚ ਇੱਕ ਵੱਡਾ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਗ੍ਰਾਂਟ ਨਾਲ ਵੀ ਜੇਕਰ ਕੋਈ ਕੰਮ ਰਹਿ ਵੀ ਜਾਂਦਾ ਹੈ ਤਾਂ ਉਹ ਪੰਜਾਬ ਸਰਕਾਰ ਨਾਲ ਤਾਲਮੇਲ ਕਰਦੇ ਹੋਏ ਆਪਣੇ ਕਾਰਜਕਾਲ ਵਿਚ ਪੂਰਾ ਕਰਵਾਉਣਗੇ।
ਸ਼੍ਰੀ ਦਿਨੇਸ਼ ਚੱਢਾ ਵੱਲੋਂ ਉਚੇਰੀ ਸਿੱਖਿਆ ਨੂੰ ਵਿਸ਼ੇਸ਼ ਵਿਤੀ ਮਹੱਤਤਾ ਦੇਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਉਚੇਰੀ ਸਿੱਖਿਆ ਨੂੰ ਹੋਰ ਵਿਕਸਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਉਣ ਲਈ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਬੜਾਵਾ ਨਾ ਦੇ ਕੇ ਸਰਕਾਰੀ ਕਾਲਜਾਂ ਨੂੰ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਨਾਲੋਂ ਵੀ ਬਿਹਤਰ ਬਣਾਇਆ ਜਾ ਸਕੇ।
ਇਸ ਮੌਕੇ ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਸ.ਜਤਿੰਦਰ ਸਿੰਘ ਗਿੱਲ, ਲੋਕ ਨਿਰਮਾਣ ਵਿਭਾਗ ਤੋਂ ਕਾਰਜਕਾਰੀ ਇੰਜੀਨੀਅਰ ਦਵਿੰਦਰ ਬਜਾਜ, ਪ੍ਰੋ. ਨਿਰਮਲ ਬਰਾੜ, ਡਾ. ਜਤਿੰਦਰ ਕੁਮਾਰ, ਪ੍ਰੋ. ਰਵਨੀਤ ਕੌਰ, ਪ੍ਰੋ ਮੀਨਾ ਕੁਮਾਰੀ, ਭਾਗ ਸਿੰਘ ਮਦਾਨ, ਸ਼ਿਵ ਕੁਮਾਰ ਲਾਲਪੁਰਾ, ਸੁਰਜਨ ਸਿੰਘ, ਚੇਤਨ ਕਾਲੀਆ, ਗੌਰਵ ਕਪੂਰ ਆਦਿ ਹਾਜ਼ਰ ਸਨ।

English






