ਤਰਸਯੋਗ ਸਰਕਾਰੀ ਸਿਹਤ ਸੇਵਾਵਾਂ ਕਾਰਨ ਸਭ ਤੋਂ ਵੱਧ ਹੈ ਸੂਬੇ ‘ਚ ਕੋਰੋਨਾ ਨਾਲ ਮੌਤ ਦੀ ਦਰ-‘ਆਪ’
ਕੁਲਤਾਰ ਸੰਧਵਾਂ ਦੀ ਅਗਵਾਈ ਹੇਠ ‘ਆਪ’ ਨੇ ਹਾਲ ਬਾਜ਼ਾਰ ਤੋਂ ਕੀਤਾ ਆਕਸੀਮੀਟਰ ਮੁਹਿੰਮ ਦਾ ਅਮਲੀ ਰੂਪ ‘ਚ ਆਗਾਜ਼
ਅੰਮ੍ਰਿਤਸਰ, 18 ਸਤੰਬਰ 2020
ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ‘ਚ ਬੁਰੀ ਤਰਾਂ ਫ਼ੇਲ੍ਹ ਹੋਈ ਪੰਜਾਬ ਸਰਕਾਰ ਦੇ ਸਹਿਯੋਗ ਅਤੇ ਲੋਕਾਂ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ (ਆਪ) ਨੇ ਸ਼ੁਰੂ ਕੀਤੀ ਆਕਸੀਜਨ ਮੁਹਿੰਮ ਦਾ ਅੱਜ (ਸ਼ੁੱਕਰਵਾਰ) ਨੂੰ ਅੰਮ੍ਰਿਤਸਰ ਜ਼ਿਲ੍ਹੇ ਲਈ ਸਥਾਨਕ ਹਾਲ ਬਾਜ਼ਾਰ ਤੋਂ ਅਮਲੀ ਰੂਪ ‘ਚ ਆਗਾਜ਼ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੁਕਾਨ-ਦਰ-ਦੁਕਾਨ ਜਾ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਪੂਰੀ ਸਾਵਧਾਨੀ ਨਾਲ ਆਕਸੀਜਨ ਦੇ ਪੱਧਰ ਦੀ ਜਾਂਚ ਕੀਤੀ ਅਤੇ ਕੋਰੋਨਾ ਤੋਂ ਬਚਾਅ ਲਈ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਸਮਝਾਈ ਨਾਲ-ਨਾਲ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕਰਨ ਵਾਲੀ ਸਮਗਰੀ ਵੰਡੀ।
ਇਸ ਮੌਕੇ ਉਨ੍ਹਾਂ ਨਾਲ ਅਸ਼ੋਕ ਤਲਵਾੜ, ਡਾ. ਅਜੈ ਗੁਪਤਾ, ਜਸਪ੍ਰੀਤ ਸਿੰਘ, ਡਾ. ਇੰਦਰਪਾਲ, ਮਨੀਸ਼ ਅਗਰਵਾਲ, ਡਾ. ਇੰਦਰਬੀਰ ਸਿੰਘ ਨਿੱਝਰ, ਸੋਹਣ ਸਿੰਘ ਨਾਗੀ, ਰਾਜਿੰਦਰ ਪਲਾਹ, ਰਵਿੰਦਰ ਹੰਸ ਅਤੇ ਹੋਰ ਆਗੂ ਮੌਜੂਦ ਸਨ।
ਇਸ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੁਲਤਾਰ ਸਿੰਘ ਸੰਧਵਾਂ ਨੇ ਬੇਕਾਬੂ ਹੋਈ ਕੋਰੋਨਾ ਮਹਾਂਮਾਰੀ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ-ਨਾਲ ਪਿਛਲੀਆਂ ਸਾਰੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਜੇਕਰ ਅਮਰਿੰਦਰ ਸਰਕਾਰ ਸਮੇਤ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ-ਡਿਸਪੈਂਸਰੀਆਂ ਨੂੰ ਹੋਰ ਬਿਹਤਰ ਬਣਾਉਣ ਦੀ ਥਾਂ ਬਰਬਾਦ ਕਰਕੇ ਪ੍ਰਾਈਵੇਟ ਹੈਲਥ ਮਾਫ਼ੀਆ ਪੈਦਾ ਨਾ ਕੀਤਾ ਹੁੰਦਾ ਤਾਂ ਅੱਜ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ‘ਚ ਯਕੀਨ ਵੀ ਰਹਿੰਦਾ ਅਤੇ ਕੋਰੋਨਾ ਨਾਲ ਐਨੀ ਵੱਡੀ ਗਿਣਤੀ ‘ਚ ਮੌਤਾਂ ਨਾ ਹੁੰਦੀਆਂ। ‘ਆਪ’ ਆਗੂ ਨੇ ਦੱਸਿਆ ਕਿ ਮੌਤ ਦੀ 2.9 ਦਰ ਨਾਲ ਪੰਜਾਬ ਦੀ ਹਾਲਤ ਸਾਰੇ ਦੇਸ਼ ਨਾਲੋਂ ਮਾੜੀ ਹੈ
ਸੰਧਵਾਂ ਨੇ ਦਿੱਲੀ ਅਤੇ ਪੰਜਾਬ ਦੀ ਤੁਲਨਾ ਕਰਦਿਆਂ ਦੱਸਿਆ ਕਿ ਜਿੱਥੇ ਦਿੱਲੀ ‘ਚ ਸਰਕਾਰੀ ਸਿਹਤ ਸੇਵਾਵਾਂ ਲਈ ਕੁੱਲ ਬਜਟ ਦਾ 14 ਫ਼ੀਸਦੀ ਖ਼ਰਚ ਕੀਤਾ ਜਾਂਦਾ ਹੈ, ਉੱਥੇ ਪੰਜਾਬ ‘ਚ ਇਹ 4 ਪ੍ਰਤੀਸ਼ਤ ਘੱਟ ਹੈ। ਇਹੋ ਕਾਰਨ ਕਿ ਦਿੱਲੀ ਦੇ ਸਰਕਾਰੀ ਹਸਪਤਾਲ-ਡਿਸਪੈਂਸਰੀਆਂ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਦਿੰਦੀਆਂ ਹਨ ਅਤੇ ਸਾਡੇ ਇੱਥੇ (ਪੰਜਾਬ) ਦੇ ਸਰਕਾਰੀ ਹਸਪਤਾਲਾਂ ‘ਚ ਨਾ ਲੋੜੀਂਦੀਆਂ ਦਵਾਈਆਂ ਅਤੇ ਨਾ ਡਾਕਟਰ ਅਤੇ ਸਹਾਇਕ ਸਟਾਫ਼ ਹੈ।
ਨਤੀਜਾ ਇਹ ਹੈ ਕਿ ਕੱਲ੍ਹ 17 ਸਤੰਬਰ ਨੂੰ ਦਿੱਲੀ ‘ਚ ਪੰਜਾਬ ਨਾਲੋਂ ਕਰੀਬ 10 ਹਜ਼ਾਰ ਐਕਟਿਵ (ਪਾਜੇਟਿਵ) ਮਰੀਜ਼ ਵੱਧ ਹੋਣ ਦੇ ਮੁਕਾਬਲੇ ਮੌਤਾਂ ਦੀ ਗਿਣਤੀ 38 ਅਤੇ ਪੰਜਾਬ ‘ਚ 54 ਸੀ। ਦਿੱਲੀ ‘ਚ ਕੱਲ੍ਹ ਤੱਕ 23 ਲੱਖ ਤੋਂ ਵੱਧ ਟੈੱਸਟ ਕੀਤੇ ਜਾ ਚੁੱਕੇ ਸਨ, ਜਦਕਿ ਪੰਜਾਬ ਅਜੇ ਤੱਕ 15 ਲੱਖ ਵੀ ਨਹੀਂ ਕਰ ਸਕਿਆ।
ਦਿੱਲੀ ਦੇ ਹਸਪਤਾਲਾਂ ‘ਚ ਕੋਵਿਡ ਬੈਡਾਂ ਦੀ ਗਿਣਤੀ 14521 ਅਤੇ ਪੰਜਾਬ ‘ਚ 8854 ਹੈ। ਦਿੱਲੀ ‘ਚ ਵਿਸ਼ੇਸ਼ ਕੋਵਿਡ ਹੈਲਥ ਕੇਅਰ ਸੈਂਟਰਾਂ ਦੀ ਗਿਣਤੀ 594 ਹੈ ਜਦਕਿ ਪੰਜਾਬ ‘ਚ ਇਸ ਤਰਾਂ ਦਾ ਇੱਕ ਵੀ ਸੈਂਟਰ ਸਥਾਪਿਤ ਨਹੀਂ ਕੀਤਾ ਗਿਆ।
ਸੰਧਵਾਂ ਨੇ ਮੁੱਖ ਮੰਤਰੀ ਨੂੰ ਫਾਰਮ ਹਾਊਸ ਤੋਂ ਨਿਕਲ ਕੇ ਲੋਕਾਂ ਦਾ ਹਾਲ ਅੱਖੀਂ ਡਿੱਠਣ ਅਤੇ ਲੋਕਾਂ ‘ਚ ਸਰਕਾਰੀ ਹਸਪਤਾਲਾਂ ਪ੍ਰਤੀ ਭਰੋਸਾ ਪੈਦਾ ਕਰਨ ਲਈ ਸਰਕਾਰੀ ਸਿਹਤ ਖੇਤਰ ‘ਚ ਜੰਗੀ ਪੱਧਰ ‘ਤੇ ਨਿਵੇਸ਼ ਕਰਨ ਦੀ ਮੰਗ ਕੀਤੀ।
ਸੰਧਵਾਂ ਨੇ ਕਿਹਾ ਕਿ 2022 ‘ਚ ਜੇਕਰ ਲੋਕਾਂ ਨੇ ‘ਆਪ’ ਦੀ ਸਰਕਾਰੀ ਲਿਆਂਦੀ ਤਾਂ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਲੋਕਾਂ ਦੀ ਦਿੱਲੀ ਵਾਂਗ ਪ੍ਰਾਈਵੇਟ ਖੇਤਰ ‘ਤੇ ਨਿਰਭਰਤਾ ਖ਼ਤਮ ਕਰ ਦਿੱਤੀ ਜਾਵੇਗੀ।

English






