ਜ਼ਿਲ੍ਹਾ ਵਾਸੀਆਂ ਨੂੰ ਕਾਰਡ ਬਣਾਉਣ ਦੀ ਅਪੀਲ
ਫਾਜ਼ਿਲਕਾ 23 ਅਗਸਤ 2021
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬਤ ਸਿਹਤ ਬੀਮਾ ਯੋਜਨਾ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਯੋਜਨਾ ਤਹਿਤ ਹੁਣ ਤੱਕ ਜ਼ਿਲ੍ਹੇ ਦੇ ਲੋਕਾਂ ਨੂੰ 15.33 ਕਰੋੜ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲ ਚੁੱਕੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱੋਿਸਆ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਪ੍ਰਤੀ ਪਰਿਵਾਰ,ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਇਹ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਦੋਨੋਂ ਪ੍ਰਕਾਰ ਦੇ ਹਸਪਤਾਲਾਂ ਤੋਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਰਕਾਰੀ ਹਸਪਤਾਲਾਂ ਤੋਂ 10338 ਲੋਕਾਂ ਨੇ 6.02 ਕਰੋੜ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਲਈ ਹੈ ਜਦਕਿ 6 ਹਜ਼ਾਰ 247 ਲੋਕਾਂ ਨੇ ਪ੍ਰਾਈਵੇਟ ਹਸਪਤਾਲਾਂ ਤੋਂ 9. 31 ਕਰੋੜ ਦਾ ਇਲਾਜ ਕਰਵਾਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ 4494 ਡਿਲਵਿਰੀਆਂ,523 ਲੈਪ੍ਰੋਸਕੋਪੀ ਰਾਹੀਂ ਕੀਤੇ ਗਏ ਆਪ੍ਰੇਸ਼ਨ, 22 ਗੋਡਾ ਬਦਲੀ ਦੇ ਆਪ੍ਰੇਸ਼ਨ, 1206 ਡਾਇਲਸਿਸ, 10340 ਹੋਰ ਬਿਮਾਰੀਆਂ ਦੇ ਇਲਾਜ ਸਮੇਤ ਜ਼ਿਲ੍ਹੇ ਵਿੱਚ ਕੁੱਲ 16585 ਲੋਕਾਂ ਨੇ ਮੁਫ਼ਤ ਇਲਾਜ ਕਰਵਾਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਰਾਸ਼ਨਕਾਰਡ ਧਾਰਕ ਪਰਿਵਾਰ, ਕਿਸਾਨ, ਛੋਟੇ ਵਪਾਰੀ, ਉਸਾਰੀ ਕਿਰਤੀ, ਪੱਤਰਕਾਰ ਅਤੇ ਆਰਥਿਕ ਸਮਾਜਿਕ ਤੌਰ ਤੇ ਪਿੱਛੜੇ ਪਰਿਵਾਰਾਂ ਨੂੰ ਸਿਹਤ ਬੀਮੇ ਦਾ ਲਾਭ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 3 ਲੱਖ 70 ਹਜ਼ਾਰ 667 ਰਾਸ਼ਨ ਕਾਰਡ ਧਾਰਕ, 46 ਹਜ਼ਾਰ 637 ਕਿਸਾਨ, 22 ਹਜ਼ਾਰ 541 ਉਸਾਰੀ ਕਿਰਤੀ, 1652 ਛੋਟੇ ਵਪਾਰੀ ਇਸ ਸਕੀਮ ਤਹਿਤ ਲਾਭਪਾਤਰੀ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਜ਼ੇਕਰ ਕਿਸੇ ਲਾਭਪਾਤਰੀ ਨੇ ਅਜੇ ਤੱਕ ਆਪਣਾ ਕਾਰਡ ਨਹੀਂ ਬਣਵਾਇਆ ਹੈ ਤਾਂ ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਜਾਂ ਕਾਮਨ ਸਰਵਿਸ ਸੈਂਟਰ ਤੋਂ ਤੁਰੰਤ ਬਣਵਾ ਲਵੇ ਤਾਂ ਜ਼ੋ ਅਜਿਹੇ ਪਰਿਵਾਰਾਂ ਨੂੰ ਜ਼ਰੂਰਤ ਪੈਣ ਤੇ ਮੁਫ਼ਤ ਇਲਾਜ ਦੀ ਸਹੂਲਤ ਮਿਲ ਸਕੇ।
ਇਸ ਮੌਕੇ ਐਸ.ਡੀ.ਐਮ. ਰਵਿੰਦਰ ਸਿੰਘ ਅਰੋੜਾ ਅਤੇ ਸ੍ਰੀ ਅਮਿਤ ਗੁਪਤਾ, ਸਿਹਤ ਵਿਭਾਗ ਤੋਂ ਡਾ. ਕੰਵਲਜੀਤ ਸਿੰਘ ਅਤੇ ਜ਼ਿਲ੍ਹਾ ਫੂਡ ਸਿਪਲਾਈ ਕੰਟਰੋਲਰ ਸ੍ਰੀ ਗੁਰਪ੍ਰੀਤ ਸਿੰਘ ਕੰਗ ਵੀ ਹਾਜ਼ਰ ਸਨ।

English





