ਸਰਬੱਤ ਦਾ ਭਲਾ ਟਰੱਸਟ ਵੱਲੋਂ  ਕਲਾਨੌਰ ’ਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਸਮਾਰਕ ਦੀ ਉਸਾਰੀ ਸ਼ੁਰੂ

ਡਾ.ਓਬਰਾਏ ਦਾ ਯਤਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਧਰਮ ਦੇ ਮਾਣਮੱਤੇ ਇਤਿਹਾਸ ਤੋਂ ਕਰਵਾਏਗਾ ਜਾਣੂ : ਸੁਖਜਿੰਦਰ ਰੰਧਾਵਾ

1.5 ਕਰੋੜ ਰੁਪਏ ਦੀ ਲਾਗਤ ਨਾਲ ਇਸ ਸਾਲ ਦੇ ਅੰਤ ’ਚ ਮੁਕੰਮਲ ਹੋਵੇਗਾ ਸਮਾਰਕ : ਡਾ.ਓਬਰਾਏ

ਸਰਬੱਤ ਦਾ ਭਲਾ ਟਰੱਸਟ ਵੱਲੋਂ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਨੂੰ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਮੁਫ਼ਤ ਯਾਤਰਾ ਲਈ ਆਲੀਸ਼ਾਨ ਬੱਸ ਭੇਟ

ਸਮਾਰਕ ਨੇੜੇ ਘੱਟ ਕੀਮਤ ’ਤੇ ਟੈਸਟਾਂ ਲਈ ਲੈਬਾਰਟਰੀ ਖੋਲ੍ਹਣ ਦਾ ਵੀ ਐਲਾਨ

ਕਲਾਨੌਰ (ਗੁਰਦਾਸਪੁਰ),  2 ਅਪ੍ਰੈਲ (            ) ਦੇਸ਼ ਦੁਨੀਆਂ ਅੰਦਰ ਰੱਬੀ ਫਰਿਸ਼ਤੇ ਵਜੋਂ ਜਾਣੇ ਜਾਂਦੇ ਉੱਘੇ ਸਮਾਜ ਸੇਵਕ ਡਾ.ਐਸ.ਪੀ.ਸਿੰਘ ਉਬਰਾਏ ਦੀ ਯੋਗ ਸਰਪ੍ਰਸਤੀ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350 ਸਾਲਾ ਜਨਮ ਦਿਨ ਨੂੰ ਸਮਰਪਿਤ 52 ਫ਼ੁੱਟ ਉੱਚੇ ਮਿਊਜ਼ੀਅਮ ਤੇ ਘੰਟਾ ਘਰ ਦੀ ਉਸਾਰੀ ਦਾ ਸ਼ੁਭ ਆਰੰਭ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਅਤੇ ਡਾ.ਓਬਰਾਏ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਡਾ. ਸਤਨਾਮ ਸਿੰਘ ਨਿੱਜਰ ਚੇਅਰਮੈਨ ਜਿਲਾ ਪਲਾਨਿੰਗ ਕਮੇਟੀ ਵੀ ਮੋਜੂਦ ਸਨ।

      ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦੌਰਾਨ ਕਰਵਾਏ ਗਏ ਸਮਾਗਮ ਦੌਰਾਨ ਬੋਲਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਮੁਗ਼ਲਾਂ ਦੇ ਅੱਤਿਆਚਾਰਾਂ ਵਿਰੁੱਧ ਤਲਵਾਰ ਉਠਾਉਣ ਵਾਲੇ ਸਿੱਖ ਧਰਮ ਦੇ ਜਾਂਬਾਜ਼ ਤੇ ਲਾਸਾਨੀ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ’ਚ ਇਕ ਆਲੀਸ਼ਾਨ ਸਮਾਰਕ ਬਣਾਉਣ ’ਤੇ ਡਾ.ਐਸ. ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪੂਰੀ ਦੁਨੀਆਂ ਅੰਦਰ ਸੇਵਾ ਦੇ ਹਰੇਕ ਖੇਤਰ ’ਚ ਸਭ ਤੋਂ ਅੱਗੇ ਹੋ ਕੇ ਨਿਰਸਵਾਰਥ ਸੇਵਾ ਕਾਰਜ ਨਿਭਾਉਣ ਵਾਲੇ ਡਾ.ਓਬਰਾਏ ਦੇ ਇਸ ਵਿਸ਼ੇਸ਼ ਉਪਰਾਲੇ ਸਦਕਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਧਰਮ ਦੇ ਮਾਣਮੱਤੇ ਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਹੁੰਦੀਆਂ ਰਹਿਣਗੀਆਂ। ਸ. ਰੰਧਾਵਾ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਡਾ.ਓਬਰਾਏ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਬੇਮਿਸਾਲ ਸੇਵਾ ਕਾਰਜਾਂ ਤੇ ਵੱਡਾ ਮਾਣ ਹੈ। ਉਨ੍ਹਾਂ ਕਿਹਾ ਇਸ ਸਮਾਰਕ ਦੀ ਸਮੁੱਚੀ ਉਸਾਰੀ ਦੌਰਾਨ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ, ਸਰਬੱਤ ਦਾ ਭਲਾ ਟਰੱਸਟ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰੇਗਾ।

         ਇਸੇ ਦੌਰਾਨ ਬੋਲਦਿਆਂ ਡਾ.ਓਬਰਾਏ ਨੇ ਦੱਸਿਆ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਡੇ ਸਹਿਯੋਗ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ.ਸਤਨਾਮ ਸਿੰਘ ਨਿੱਜਰ ਦੀ ਦੇਖ-ਰੇਖ ਹੇਠ ਟਰੱਸਟ ਵੱਲੋਂ ਉਸਾਰੇ ਜਾ ਰਹੇ ਇਸ ਸਮਾਰਕ ਉੱਤੇ ਇੱਕ ਵਿਸ਼ਾਲ ਘੰਟਾ ਘਰ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਘੰਟਾ ਘਰ ਦੀ ਉੱਚਾਈ 37.5 ਫੁੱਟ ਹੋਵੇਗੀ ਜਦ ਕਿ ਮਿਊਜ਼ੀਅਮ ਸਮੇਤ ਪੂਰੀ ਇਮਾਰਤ ਦੀ ਉਚਾਈ 52 ਫੁੱਟ ਹੋਵੇਗੀ। ਉਨ੍ਹਾਂ ਦੱਸਿਆ ਕਿ ਘੰਟਾ ਘਰ ਦੇ ਚਾਰੇ ਪਾਸੇ ਵੱਡੀਆਂ ਘੜੀਆਂ ਲਾਈਆਂ ਜਾਣਗੀਆਂ ਅਤੇ ਇਸ ਸਮੁੱਚੇ ਸਮਾਰਕ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਕਰੀਬ ਡੇਢ ਕਰੋੜ ਖਰਚ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਰਕ ਦੀ ਉਸਾਰੀ ਤੋਂ ਇਲਾਵਾ ਟਰੱਸਟ ਵੱਲੋਂ ਬਾਕੀ ਬਚਦੀ ਜਗ੍ਹਾ ’ਤੇ ਇੱਕ ਉੱਤਮ ਦਰਜੇ ਦਾ ਪਾਰਕ ਵੀ ਤਿਆਰ ਕਰਵਾਇਆ ਜਾਵੇਗਾ ਅਤੇ ਜਲਦੀ ਹੀ ਇੱਥੇ ਘੱਟ ਕੀਮਤ ’ਤੇ ਟੈਸਟ ਕਰਨ ਲਈ ਇੱਕ ਆਧੁਨਿਕ ਲੈਬਾਰਟਰੀ ਵੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਮੁੱਚਾ ਕੰਮ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ।

          ਇਸ ਸਮਾਗਮ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸੌ ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸੰਗਤਾਂ ਨੂੰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਉਣ ਲਈ ਤਿਆਰ ਕਰਵਾਈ ਗਈ ਇਕ ਵਿਸ਼ੇਸ਼ ਬੱਸ ਵੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਰਾਹੀਂ ਜ਼ਿਲ੍ਹਾ ਹੈਰੀਟੇਜ ਸੋਸਾਇਟੀ ਗੁਰਦਾਸਪੁਰ ਨੂੰ ਭੇਟ ਕੀਤੀ ਗਈ ਜੋ ਤਕਰੀਬਨ 55 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ।

           ਇਸ ਸਮਾਗਮ ਦੌਰਾਨ ਉਪਰੋਕਤ ਤੋਂ ਇਲਾਵਾ ਉਦੇਵੀਰ ਸਿੰਘ ਰੰਧਾਵਾ, ਐੱਸ.ਐੱਸ.ਪੀ. ਗੁਰਦਾਸਪੁਰ ਡਾ. ਨਾਨਕ ਸਿੰਘ, ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ, ਏ.ਡੀ.ਸੀ. ਗੁਰਦਾਸਪੁਰ ਰਾਹੁਲ ਕੁਮਾਰ, ਐੱਸ.ਡੀ.ਐਮ. ਸ਼ਿਵਰਾਜ ਸਿੰਘ ਬੱਲ, ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ), ਪ੍ਰੋ ਰਾਜ ਕੁਮਾਰ ਸ਼ਰਮਾ, ਪ੍ਰੋ ਕ੍ਰਿਪਾਲ ਸਿੰਘਯੋਗੀ, ਹਰਮਨਮੀਤ ਸਿੰਘ ਜੁਆਇੰਟ ਸਕੱਟਰ ਜਿਲਾ ਹੈਰੀਟੇਜ ਸੁਸਾਇਟੀ, ਦਮਨਜੀਤ ਸਿੰਘ, ਬੀ.ਡੀ.ਪੀ.ਓ. ਕਲਾਨੌਰ ਗੁਰਜੀਤ ਸਿੰਘ, ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸੁਖਦੀਪ ਸਿੱਧੂ , ਜ਼ਿਲ੍ਹਾ ਪ੍ਰਧਾਨ ਡਾ.ਸਰਬਜੀਤ ਸਿੰਘ ਛੀਨਾ, ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਨਵਜੀਤ ਸਿੰਘ ਘਈ ਹਰਦੀਪ ਸਿੰਘ ਖਲਚੀਆਂ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।