ਸਿਹਤ ਵਿਭਾਗ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਕਰ ਰਿਹੈ ਜਾਗਰੂਕ
ਬਰਨਾਲਾ, 23 ਸਤੰਬਰ:
ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੰਜਾਬ ’ਚ ਲੋੜਵੰਦ ਲੋਕਾਂ ਲਈ ਚਲਾਈ ਗਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ 1 ਸਾਲ ਸਫ਼ਲਤਾ ਪੂਰਵਕ ਮੁਕੰਮਲ ਕਰਕੇ 20 ਅਗਸਤ 2020 ਤੋਂ ਦੂਜੇ ਸਾਲ ਵਿੱਚ ਪ੍ਰਵੇਸ਼ ਕਰ ਚੁੱਕੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਜੀ.ਬੀ. ਸਿੰਘ, ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ 20 ਅਗਸਤ 2019 ਤੋਂ ਜ਼ਿਲ੍ਹਾ ਬਰਨਾਲਾ ’ਚ 16 ਸਤੰਬਰ 2020 ਤੱਕ ਇਸ ਸਕੀਮ ਅਧੀਨ ਸਰਕਾਰੀ ਹਸਪਤਾਲਾਂ ਵਿੱਚ ਕੁੱਲ 8,380 ਲੋਕਾਂ ਦਾ 6,61,99,075 ਰੁਪਏ ਦੇ ਖਰਚੇ ਨਾਲ ਅਤੇ ਪ੍ਰਾਈਵੇਟ ਹਸਪਤਾਲਾਂ ’ਚ 643 ਲੋਕਾਂ ਦਾ 1,16,72,600 ਰੁਪਏ ਦਾ ਇਲਾਜ ਮੁਫ਼ਤ ਹੋਇਆ ਹੈ।
ਡਾ. ਜੀ.ਬੀ. ਸਿੰਘ ਨੇ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਬਰਨਾਲਾ ਜ਼ਿਲ੍ਹੇ ਦਾ ਸਿਵਲ ਹਸਪਤਾਲ ਪੰਜਾਬ ਦੇ ਸਿਵਲ ਹਸਪਤਾਲਾਂ ਵਿੱਚੋਂ ਦੂਜੇ ਨੰਬਰ ’ਤੇ ਅਤੇ ਸਬ-ਡਵੀਜ਼ਨਲ ਹਸਪਤਾਲ ਤਪਾ ਪੰਜਾਬ ਦੇ ਸਬ-ਡਵੀਜ਼ਨਲ ਹਸਪਤਾਲਾਂ ’ਚੋਂ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਵਿੱਚ ਦੂਜੇ ਨੰਬਰ ’ਤੇ ਰਿਹਾ ਹੈ।
ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਲੋਕਾਂ ਨੂੰ ਸਿਹਤ ਬੀਮਾ ਯੋਜਨਾ ਦੇ ਨਾਲ-ਨਾਲ ਮਿਲਣ ਵਾਲੀਆਂ ਹੋਰ ਸਾਰੀਆਂ ਸਿਹਤ ਸਹੂਲਤਾਂ ਪ੍ਰਤੀ ਵੀ ਪਿੰਡ ਪੱਧਰ ਤੱਕ ਜਾਗਰੂਕ ਕਰ ਰਿਹਾ ਹੈ ਤਾਂ ਜੋ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਹਰ ਸਿਹਤ ਸਹੂਲਤ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ।
ਡਾ. ਜੀ.ਬੀ. ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਹਰ ਲਾਭਪਾਤਰੀ ਪਰਿਵਾਰ ਨੂੰ ਹਰ ਸਾਲ 5 ਲੱਖ ਰੁਪਏ ਤਕ ਦੇ ਮੁਫ਼ਤ ਸਿਹਤ ਬੀਮੇ ਦੀ ਸੁਵਿਧਾ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਜਿਕ ਅਤੇ ਆਰਥਿਕ 2011 ਜਨਗਣਨਾ ਅਨੁਸਾਰ Secc (ਐਸਈਸੀਸੀ) ਡਾਟਾ ਵਿੱਚ ਸ਼ਾਮਿਲ ਪਰਿਵਾਰ, ਸਮਾਰਟ ਰਾਸ਼ਨ ਕਾਰਡ ਹੋਲਡਰ, ਜੇ ਫ਼ਾਰਮ ਧਾਰਕ ਕਿਸਾਨ, ਉਸਾਰੀ ਭਲਾਈ ਬੋਰਡ ਪੰਜਾਬ ਦੇ ਪੰਜੀਕ੍ਰਿਤ ਉਸਾਰੀ ਕਾਮੇ, ਛੋਟੇ ਵਪਾਰੀ ਦੁਕਾਨਦਾਰ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਆਦਿ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਵਿੱਚ ਕਵਰ ਕੀਤਾ ਗਿਆ ਹੈ। ਇਸ ਸਕੀਮ ਦਾ ਕਾਰਡ ਨੇੜਲੇ ਸਰਕਾਰੀ ਹਸਪਤਾਲ ਜਾਂ ਸੀ.ਐਸ.ਸੀ ਸੈਂਟਰ ਵਿੱਚ ਬਣਵਾਇਆ ਜਾ ਸਕਦਾ ਹੈ। ਇਸ ਸਕੀਮ ਅਧੀਨ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ’ਚ ਇਨਡੋਰ ਦਾਖ਼ਲੇ ’ਤੇ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ ਅਤੇ ਇਸ ਯੋਜਨਾ ਅਧੀਨ ਕੋਵਿਡ-19 ਦਾ ਇਲਾਜ ਵੀ ਕਵਰ ਕੀਤਾ ਜਾਂਦਾ ਹੈ।

English





