ਰੂਪਨਗਰ, 17 ਨਵੰਬਰ:
ਭਾਰਤੀ ਚੋਣ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਚੋਣ ਅਫਸਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਸ. ਹਰਬੰਸ ਸਿੰਘ ਦੀਆਂ ਹਦਾਇਤਾਂ ਤੇ ਵਿਧਾਨ ਸਭਾ ਹਲਕਾ 50 ਰੂਪਨਗਰ ਵਿੱਚ ਵੋਟ ਬਣਾਉਣ ਸੰਬੰਧੀ ਜਾਗਰੂਕ ਕਰਨ ਲਈ ਸਵੀਪ ਪੱਧਰ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਦੌਰ ਜਾਰੀ ਹੈ। ਇਸ ਦੇ ਅੰਤਰਗਤ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਵਿਖੇ ਵਿਦਿਆਰਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ-ਕਮ-ਨੋਡਲ ਅਫ਼ਸਰ ਸਵੀਪ-50 ਰੂਪਨਗਰ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਵਿਖੇ ਸਵੀਪ ਗਤੀਵਿਧੀਆਂ ਅਧੀਨ ਵੱਖ-ਵੱਖ ਸਕੂਲਾਂ ਦੇ “ਵੋਟ ਮੇਰਾ ਅਧਿਕਾਰ ਹੈ” ਅਤੇ “ਕੋਈ ਵੀ ਵੋਟਰ ਪਿੱਛੇ ਨਹੀਂ ਰਹੇਗਾ” ਵਿਸ਼ੇ ਤੇ ਪੇਂਟਿੰਗ, ਮਹਿੰਦੀ ਮੁਕਾਬਲੇ, ਪੋਸਟਰ ਮੇਕਿੰਗ, ਅਤੇ ਕੈਲੀਗ੍ਰਾਫੀ ਮੁਕਾਬਲੇ ਕਰਵਾਏ ਗਏ।
ਸ਼੍ਰੀ ਰੁਪੇਸ਼ ਕੁਮਾਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਸਮੇਂ ਵੋਟ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਵੋਟਾਂ ਦੀ ਸਰਸਰੀ ਸੁਧਾਈ ਸਬੰਧੀ ਜ਼ਿਲ੍ਹਾ ਰੂਪਨਗਰ ਦੇ ਪ੍ਰਿੰਸੀਪਲਾਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਵਿਖੇ ਮੀਟਿੰਗ ਵੀ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ. ਸੁਰਿੰਦਰਪਾਲ ਸਿੰਘ, ਮਾਸਟਰ ਟਰੇਨਰ ਪੰਜਾਬ ਸ਼੍ਰੀ ਦਿਨੇਸ਼ ਸੈਣੀ, ਪ੍ਰਿੰਸੀਪਲ ਸ਼੍ਰੀਮਤੀ ਇੰਦੂ ਬਾਲਾ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

English






