ਸਵੱਛਤਾ ਮੁਹਿੰਮ: ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ‘ਚੋਂ ਮੋਹਰੀ
*ਰਾਜ ਪੱਧਰੀ ਸਮਾਗਮ ਦੌਰਾਨ ਜਲ ਸਪਲਾਈ ਮੰਤਰੀ ਵੱਲੋਂ ਕੀਤਾ ਗਿਆ ਸਨਮਾਨਿਤ
* ਪਿੰਡ ਭੋਤਨਾ ਨੂੰ ਮਿਲੇਗੀ ਇੱਕ ਲੱਖ ਰੁਪਏ ਦੀ ਵੱਖਰੀ ਗ੍ਰਾਂਟ
ਸ਼ਹਿਣਾ/ਬਰਨਾਲਾ, 3 ਅਕਤੂਬਰ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ 2 ਅਕਤੂਬਰ ਨੂੰ ਸਵੱਛਤਾ ਸਬੰਧੀ ਰਾਜ ਪੱਧਰੀ ਸਮਾਗਮ ਹੁਸ਼ਿਆਰਪੁਰ ਵਿਖੇ ਕਰਾਇਆ ਗਿਆ, ਜਿਸ ਵਿੱਚ ‘ਮੇਰਾ ਪਿੰਡ ਮੇਰੀ ਜ਼ਿੰਮੇਵਾਰੀ’ ਮੁਹਿੰਮ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ਚੋਂ ਜ਼ਿਲ੍ਹਾ ਬਰਨਾਲਾ ਦੇ ਸਾਰੇ ਪਿੰਡਾਂ ਵਿੱਚੋਂ ਭੋਤਨਾ ਪਿੰਡ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ।
ਇਹ ਜਾਣਕਾਰੀ ਦਿੰਦੇ ਹੋਏ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਬਰਨਾਲਾ ਦੇ ਐਕਸੀਅਨ ਸ੍ਰੀ ਰਵਿੰਦਰ ਕੁਮਾਰ ਬਾਂਸਲ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿੱਚ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਸਵੱਛਤਾ ਗਤੀਵਿਧੀਆਂ ਜਾਰੀ ਹਨ। ਇਨ੍ਹਾਂ ਸਵੱਛਤਾ ਗਤੀਵਿਧੀਆਂ ਤਹਿਤ ਰਾਜ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ (ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ), ਡਿਪਟੀ ਸਪੀਕਰ ਪੰਜਾਬ ਸ੍ਰੀ ਜੈ ਕਿਸ਼ਨ ਰੋੜੀ ਤੇ ਡੀ.ਕੇ ਤਿਵਾੜੀ ਪ੍ਰਮੁੱਖ ਸਕੱਤਰ ਪੰਜਾਬ (ਸਰਕਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ) ਵੱਲੋਂ ਪਿੰਡ ਭੋਤਨਾ ਦੇ ਸਰਪੰਚ ਬੁੱਧ ਸਿੰਘ ਤੇ ਹੋਰ ਪੰਚਾਇਤ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਤਹਿਤ ਪਿੰਡ ਭੋਤਨਾ ਨੂੰ ਇੱਕ ਲੱਖ ਦੀ ਵੱਖਰੀ ਗਰਾਂਟ ਵੀ ਮਿਲੇਗੀ।
ਐਕਸੀਅਨ ਸ੍ਰੀ ਬਾਂਸਲ ਨੇ ਜ਼ਿਲ੍ਹੇ ਦੇ ਹੋਰ ਪਿੰਡਾਂ ਦੇ ਵਾਸੀਆਂ ਨੂੰ ਵੀ ਇਸ ਮੁਹਿੰਮ ਵਿੱਚ ਅੱਗੇ ਆਉਣ ਦਾ ਸੱਦਾ ਦਿੱਤਾ।

English






