ਸਹਾਇਕ ਕਮਿਸ਼ਨਰ ਫੂਡ ਵਲੋਂ ਮਿਠਾਈ ਦੀਆਂ ਦੁਕਾਨਾਂ ਦੇ ਮਾਲਕਾਂ ਨਾਲ ਮੀਟਿੰਗ

ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦਾ ਲਾਈਸੈਂਸ ਕੀਤਾ ਜਾਵੇਗਾ ਰੱਦ-ਡਾ. ਰਜਿੰਦਰ ਪਾਲ
ਤਰਨ ਤਾਰਨ, 02 ਨਵੰਬਰ :
ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਹਦਾਇਤਾਂ ਤਹਿਤ ਅੱਜ ਅਸਿਸਟੈੱਟ ਕਮਿਸ਼ਨਰ ਆੱਫ ਫੂਡ ਡਾ. ਰਜਿੰਦਰ ਪਾਲ ਵੱਲੋਂ ਦਫ਼ਤਰ ਸਿਵਲ ਸਰਜਨ ਅਨੈਕਸੀ ਹਾਲ ਤਰਨ ਤਾਰਨ ਵਿਖੇ ਸਵੀਟਸ ਸ਼ਾੱਪ, ਢਾਬਾ ਮਾਲਕ, ਰੈਸਟੋਰੇਂਟ  ਮਿਠਾਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ।
ਇਸ ਦੌਰਾਨ ਗੱਲਬਾਤ ਕਰਦੇ ਹੋਏ ਅਸਿਸਟੈੱਟ ਕਮਿਸ਼ਨਰ ਆੱਫ ਫੂਡ ਡਾ. ਰਜਿੰਦਰ ਪਾਲ ਨੇ ਦੱਸਿਆ ਕਿ ਤਰਨ ਤਾਰਨ ਅਧੀਨ ਆਉਂਦੇ ਖੇਤਰਾਂ ‘ਚ ਸਥਿਤ ਮਿਠਾਈ ਦੀਆਂ ਦੁਕਾਨਾਂ ਚਲਾਉਣ  ਵਾਲੇ ਦੁਕਾਨਦਾਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਪਹਿਲ ਦੇ ਆਧਾਰ ‘ਤੇ ਆਪਣੀਆਂ ਦੁਕਾਨਾਂ ਦੇ ਲਾਈਸੈਂਸ ਬਣਾਉਣ ਤੇ ਇਸ ਦੇ ਨਾਲ ਹੀ ਆਪਣੇ ਵਰਕਰਾਂ ਨੂੰ ਦਸਤਾਨੇ, ਮਾਸਕ ਤੇ ਟੋਪੀ ਪੁਆ ਕੇ ਰੱਖਣ । ਉਨ੍ਹਾਂ ਕਿਹਾ ਕਿ ਕਿਸੇ ਵੀ ਗਾਹਕ ਨੂੰ ਬਿਨ੍ਹਾਂ ਮਾਸਕ ਦੇ ਦੁਕਾਨ ਅੰਦਰ ਦਾਖ਼ਲ ਨਾ ਹੋਣ ਦਿੱਤਾ ਜਾਵੇ ਤੇ ਸੈਨੇਟਾਈਜ਼ਰ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਹੈ ।
ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਹਦਾਇਤਾਂ ਦਿੱਤੀਆਂ ਕਿ ਉਹ ਮਿਠਾਈ ਬਣਾਉਣ ਸਮੇਂ ਕਿਸੇ ਵੀ ਰੰਗ ਦਾ ਪ੍ਰਯੋਗ ਨਾ ਕਰਨ ਤੇ ਜੇਕਰ ਕਰਨਾ ਹੀ ਹੈ ਤਾਂ ਮਨਜ਼ੂਰਸ਼ੁਦਾ ਕੰਪਨੀ ਦਾ ਰੰਗ ਹੀ ਪ੍ਰਯੋਗ ਕਰਨ ਤੇ ਤਿਆਰ ਕੀਤੀ ਗਈ ਮਿਠਾਈ ਦੀ ਮੁਨਿਆਦ ਵੀ ਜ਼ਰੂਰ ਲਿਖ ਕੇ ਰੱਖਣ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਆਪਣੇ ਵਰਕਰਾਂ ਦੇ ਮੈਡੀਕਲ ਜ਼ਰੂਰ ਕਰਵਾ ਕੇ ਰੱਖਣ ਤਾਂ ਜੋ ਉਨ੍ਹਾਂ ਦੀਆਂ ਬਿਮਾਰੀਆਂ ਸਬੰਧੀ ਪਤਾ ਲੱਗ ਸਕੇ । ਉਨ੍ਹਾਂ ਕਿਹਾ ਕਿ ਜੇ ਕੋਈ ਵੀ ਦੁਕਾਨਦਾਰ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾ ਦੀ ਪਾਲਣਾ ਨਹੀਂ ਕਰੇਗਾ ਉਸ ਖਿਲਾਫ ਠੋਸ ਕਾਨੂੰਨੀ ਕਾਰਵਾਈ ਕਰਦੇ ਹੋਏ ਉਸ ਦੀ ਦੁਕਾਨ ਦਾ ਲਾਈਸੈਂਸ ਰੱਦ ਕਰ ਦਿੱਤਾ ਜਾਵੇਗਾ ।