ਸਾਂਝਾ ਫ਼ਰੰਟ ਵੱਲੋਂ ਕੋਲਕਤਾ ਮੈਡੀਕਲ ਕਾਲਜ ਦੀ ਡਾਕਟਰ ਤੇ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ:-ਸ਼ੁਬੇਗ ਸਿੰਘ ਅਜੀਜ਼ 

ਫਿਰੋਜਪੁਰ 22 ਅਗਸਤ 2024
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਫਿਰੋਜਪੁਰ ਦੇ ਜਿਲ੍ਹਾ ਕੋਆਰਡੀਨੇਟਰ ਸ਼ੁਬੇਗ ਸਿੰਘ ਅਜੀਜ਼ ਅਤੇ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਫਿਰੋਜਪੁਰ ਦੇ ਜਨਰਲ ਸਕੱਤਰ ਅਜੀਤ ਸਿੰਘ ਸੋਢੀ ਅਤੇ ਸਮੂਹ ਜਿਲ੍ਹਾ ਕਮੇਟੀ ਮੈਂਬਰਾਂ ਨੇ ਸਾਂਝੇ ਬਿਆਨ ਰਾਹੀਂ ਕੋਲਕਾਤਾ ਵਿਖੇ ਇੱਕ ਮੈਡੀਕਲ ਕਾਲਜ ਦੀ ਡਾਕਟਰ ਦੇ ਜਬਰ ਜਨਾਹ ਅਤੇ ਉਸ ਦੀ ਹੱਤਿਆ ਦੀ ਘੋਰ ਨਿੰਦਿਆ ਕਰਦਿਆਂ ਦੋਸ਼ੀਆਂ ਨੁੰ ਮੌਤ ਦੀ ਸਜਾ ਦੇਣ ਦੀ ਮੰਗ ਕੀਤੀ ਹੈ। 
       
ਇਸ ਮੌਕੇ ਰਿਟਾ. ਡੀਐਸਪੀ ਜਸਪਾਲ ਸਿੰਘ ਸਹਾਇਕ ਕੋਆਰਡੀਨੇਟਰ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਖਜਾਂਨ ਸਿੰਘ ,ਜੇਲ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਕਸ਼ਮੀਰ ਸਿੰਘ ਥਿੰਦ ਨੇ ਇਸ ਘਟਨਾ ਨੂੰ ਦੇਸ਼ ਦੇ ਮੱਥੇ ਤੇ ਕਲੰਕ ਦੱਸਿਆ ਅਤੇ ਅਜਿਹੀਆਂ ਮੰਦ ਭਾਗੀ ਘਟਨਾਵਾਂ ਨੂੰ ਠੱਲ ਪਾਉਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਸਾਰੇ ਆਗੂਆਂ ਨੇ ਇਕ ਸੁਰ ਵਿਚ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਂਵਾਂ ਦੇਸ਼ ਦੇ ਬਾਕੀ ਭਾਗਾਂ ਵਿੱਚ ਵੀ ਲਗਾਤਾਰ ਵਾਪਰ ਰਹੀਆਂ ਹਨ। ਨਿਰਭੈਆ ਕਾਂਡ, ਮਣੀਪੁਰ ਕਾਂਡ ਆਦ ਤੋਂ ਲੈਕੇ ਹੁਣ ਤੱਕ ਸੈਂਕੜੇ ਬੇਟੀਆਂ ਇਹਨਾਂ ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ , ਰਾਜਸਥਾਨ ਵਿੱਚ ਤਿੰਨਾ ਸਾਲਾਂ ਦੀ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਨੇ ਤਾ ਦਰਿੰਦਗੀ ਦੀਆਂ ਹੱਦਾਂ ਟੱਪ ਲਾਈਆ ਹਨ।
ਜਿਲਾ ਕੋਆਰਡੀਨੇਟਰ ਸ਼ੁਬੇਗ ਸਿੰਘ ਅਜੀਜ਼ ਨੇ ਦੱਸਿਆ ਕਿ ਪ੍ਰੈਸ ਬਿਆਨ ਜਾਰੀ ਕਰਦੇ ਸਮੇਂ ਸਤਨਾਮ ਸਿੰਘ ਉਪ ਪ੍ਰਧਾਨ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ,ਸੁਰਿੰਦਰ ਜੋਸਨ,ਰਾਮ ਪ੍ਰਸ਼ਾਦ,ਨਰਿੰਦਰ ਸ਼ਰਮਾ ਮਹਿੰਦਰ ਸਿੰਘ ਧਾਲੀਵਾਲ ਆਦਿ ਫਰੰਟ ਦੇ ਲੀਡਰ ਹਾਜਰ ਸਨ , ਨੇ ਸਮੂਹ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਇਸ ਘਟਨਾ ਖ਼ਿਲਾਫ਼ ਉੱਠੇ ਲੋਕ ਰੋਹ ਅਤੇ ਰੋਸ ਵਿੱਚ ਇਨਸਾਫ਼ ਪਸੰਦ ਲੋਕਾਂ ਅਤੇ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਅਤੇ ਕੈਂਡਲ ਮਾਰਚਾਂ ਵਿੱਚ ਵਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਨ ਵਾਲੇ ਦਰਿੰਦਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਸਜਾਵਾਂ ਦਵਾਈਆਂ ਜਾ ਸਕਣ ਅਤੇ ਔਰਤ ਜਮਾਤ ਦੇ ਮਾਨ ਸਨਮਾਨ ਅਤੇ ਸੁਰੱਖਿਆ ਨੂੰ ਬਹਾਲ ਕੀਤਾ ਜਾ ਸਕੇ।