ਸਾਡਾ ਸਾਰਿਆਂ ਦਾ ਸਮਾਜਿਕ ਫਰਜ਼ ਬਣਦਾ ਹੈ ਕਿ ਅਸੀਂ ਸਭ ਬਜ਼ੁਰਗਾਂ ਦਾ ਆਦਰ ਸਤਿਕਾਰ ਕਰੀਏ – ਡਿਪਟੀ ਕਮਿਸ਼ਨਰ

— ਜ਼ਿਲ੍ਹਾ ਪ੍ਰਸਾਸਨ ਹਰ ਸਮੇਂ ਬਜੁਰਗਾਂ ਅਤੇ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ
— ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਪੀੜਤ ਬਜ਼ੁਰਗ ਮਾਤਾ ਜੀ ਦੀ ਹਰ ਸੰਭਵ ਮਦਦ ਕਰਨ ਦੀ ਹਦਾਇਤ
— ਵਕੀਲ ਅੰਕੁਰ ਵਰਮਾ ਦਾ ਜ਼ਿਲ੍ਹਾ ਕਚਹਿਰੀਆਂ ਰੂਪਨਗਰ ਵਿਖੇ ਅਲਾਟ ਹੋਇਆ ਚੈਂਬਰ ਤੁਰੰਤ ਪ੍ਰਭਾਵ ਨਾਲ ਰੱਦ
ਰੂਪਨਗਰ, 30 ਅਕਤੂਬਰ:
ਸਾਡਾ ਸਾਰਿਆਂ ਦਾ ਸਮਾਜਿਕ ਫਰਜ਼ ਬਣਦਾ ਹੈ ਕਿ ਅਸੀਂ ਸਭ ਬਜ਼ੁਰਗਾਂ ਦਾ ਆਦਰ ਸਤਿਕਾਰ ਕਰੀਏ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਜ਼ਰੂਰ ਦਈਏ।ਜ਼ਿਲ੍ਹਾ ਪ੍ਰਸਾਸਨ ਰੂਪਨਗਰ ਵੀ ਹਰ ਸਮੇਂ ਬਜੁਰਗਾਂ ਅਤੇ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਪਿਛਲੇ ਦਿਨੀਂ ਰੂਪਨਗਰ ਸ਼ਹਿਰ ਵਿਖੇ ਹੋਈ ਮੰਦਭਾਗੀ ਘਟਨਾ ਦੀ ਆਲੋਚਨਾ ਕਰਦਿਆਂ ਕੀਤਾ।
ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਚ ਇੱਕ ਬਜ਼ੁਰਗ ਮਹਿਲਾ ਦੇ ਪੁੱਤਰ ਵਕੀਲ ਅੰਕੁਰ ਵਰਮਾ ਅਤੇ ਉਸ ਦੀ ਪਤਨੀ ਸੁਧਾ ਵਰਮਾ ਵਾਸੀ ਗਿਆਨੀ ਜ਼ੈਲ ਸਿੰਘ ਨਗਰ ਜ਼ਿਲ੍ਹਾ ਰੂਪਨਗਰ ਵੱਲੋਂ ਆਪਣੀ ਬਜ਼ੁਰਗ ਮਾਤਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਵੇਂ ਪਤੀ ਪਤਨੀ ਖਿਲਾਫ਼ ਕੇਸ ਦਰਜ ਕਰਨ ਉਪਰੰਤ ਵਕੀਲ ਅੰਕੁਰ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਰੂਪਨਗਰ ਨੂੰ ਆਦੇਸ਼ ਜਾਰੀ ਕੀਤੇ ਕਿ ਲੁਧਿਆਣਾ ਵਿਖੇ ਜਾ ਕੇ ਪੀੜਤ ਬਜ਼ੁਰਗ ਮਾਤਾ ਜੀ ਦੀ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਵਕੀਲ ਅੰਕੁਰ ਵਰਮਾ ਨੂੰ ਜ਼ਿਲ੍ਹਾ ਕਚਹਿਰੀਆਂ ਰੂਪਨਗਰ ਵਿਖੇ ਅਲਾਟ ਹੋਇਆ ਚੈਂਬਰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਜੀ ਨੇ ਦੱਸਿਆ ਕਿ ਜੇਕਰ ਕਿਸੇ ਵੀ ਔਰਤ ਜਾਂ ਬਜ਼ੁਰਗ ਨਾਲ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਅਤੇ ਸਖੀ ਵਨ ਸਟੋਪ ਸੈਂਟਰ, ਸਿਵਲ ਹਸਪਤਾਲ ਰੂਪਨਗਰ ਦੇ ਹੈਲਪਲਾਈਨ ਨੰਬਰ (01881-500070) ਜਾਂ ਵੂਮੈਨ ਹੈਲਪਲਾਈਨ ਨੰਬਰ (1811) ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।