‘‘ਜਿਸ ਘਰ ਸਫਾਈ ਵੱਸੇ, ਉਸ ਘਰ ਤੋਂ ਬਿਮਾਰੀ ਨੱਸੇ”
ਸਫਾਈ ਰੱਖਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ
ਰੂਪਨਗਰ, 28 ਨਵੰਬਰ 2024
ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰੂਪਨਗਰ ਜ਼ਿਲ੍ਹੇ ਵਿੱਚ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ (ਨੈਸ਼ਨਲ ਡੀਵਾਰਮਿੰਗ ਡੇਅ) ਦਾ ਰਸਮੀ ਉਦਘਾਟਨ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵੱਲੋਂ ਗਾਂਧੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਵਿਦਿਆਰਥੀਆਂ ਨੂੰ ਐਲਬੈਂਡਾਜੋਲ ਦੀ ਗੋਲੀ ਖੁਆ ਕੇ ਕੀਤਾ ਗਿਆ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਅਤੇ ਆਪਣੇ ਆਸ-ਪਾਸ ਦੀ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ‘‘ਜਿਸ ਘਰ ਸਫਾਈ ਵੱਸੇ, ਉਸ ਘਰ ਤੋਂ ਬਿਮਾਰੀ ਨੱਸੇ” ਅਨੁਸਾਰ ਸਫਾਈ ਰੱਖਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸਾਰਿਆਂ ਨੂੰ ਸਫਾਈ ਰੱਖਣ ਪ੍ਰਤੀ ਜਾਗਰੂਕ ਕਰੀਏ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤੰਦਰੁਸਤ ਤੇ ਸਮਰੱਥ ਸਮਾਜ ਦੀ ਸਿਰਜਣਾ ਹਿੱਤ ਜਰੂਰੀ ਹੈ ਕਿ ਸਾਡਾ ਆਉਣ ਵਾਲਾ ਭਵਿੱਖ ਜੋ ਕਿ ਸਾਡੇ ਦੇਸ਼ ਦੇ ਬੱਚੇ ਹਨ, ਨੂੰ ਸਰੀਰਿਕ, ਮਾਨਸਿਕ ਅਤੇ ਸਮਾਜਿਕ ਤੌਰ ਤੇ ਤੰਦਰੁਸਤ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਕੌਮੀ ਡੀ-ਵਾਰਮਿੰਗ ਦਿਵਸ ਤਹਿਤ ਅੱਜ ਪੇਟ ਦੇ ਕੀੜਿਆਂ ਦੇ ਖਾਤਮੇ ਲਈ ਐਲਬੈਂਡਾਜ਼ੋਲ ਦੀ ਗੋਲੀ ਦਿੱਤੀ ਜਾ ਰਹੀ ਹੈ ਅਤੇ 05 ਦਸੰਬਰ 2024 ਦਾ ਮੋਪ-ਅਪ ਡੇਅ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਅੱਜ 28 ਨਵੰਬਰ ਨੂੰ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ, ਪ੍ਰਾਈਵੇਟ ਸਕੂਲ, ਆਂਗਨਵਾੜੀ ਕੇਂਦਰਾਂ, ਕਾਲਜਾਂ, ਆਈ.ਟੀ.ਆਈ., ਕੋਚਿੰਗ ਕੇਂਦਰਾਂ ਦੇ 01 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਕੌਮੀ ਡੀਵਾਰਮਿੰਗ ਡੇਅ (ਪੇਟ ਦੇ ਕੀੜਿਆਂ ਤੋਂ ਮੁਕਤੀ ਸੰਬੰਧੀ ਦਿਵਸ) ਤਹਿਤ ਐਲਬੈਂਡਾਜੋਲ ਦੀ ਗੋਲੀ ਖੁਆਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰੀਰ ਵਿੱਚ ਖੂਨ ਦੀ ਕਮੀ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਕਾਰਨ ਪੇਟ ਵਿੱਚ ਕੀੜਿਆਂ ਦਾ ਹੋਣਾ ਹੋ ਸਕਦਾ ਹੈ, ਇਸ ਤੋਂ ਇਲਾਵਾਂ ਪੇਟ ਵਿੱਚ ਕੀੜਿਆਂ ਦੀ ਇੰਨਫੈਕਸ਼ਨ ਕਾਰਨ ਬੱਚਿਆਂ ਵਿੱਚ ਕੁਪੋਸ਼ਣ, ਭੁੱਖ ਨਾ ਲੱਗਣਾ, ਥਕਾਵਟ ਅਤੇ ਬੇਚੈਨੀ, ਜੀਅ ਮਚਲਾਨਾ, ਉਲਟੀ ਅਤੇ ਦਸਤ ਆਉਣਾ ਹੋ ਸਕਦੇ ਹਨ। ਸਰੀਰ ਵਿੱਚ ਖੂਨ ਦੀ ਕਮੀ ਨਾਲ ਕਾਰਜਕੁਸ਼ਲਤਾ, ਸਰੀਰਕ ਤੇ ਮਾਨਸਿਕ ਵਾਧੇ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ ਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਪੇਟ ਵਿੱਚ ਕੀੜੇ ਮਾਰਨ ਦੀ ਦਵਾਈ ਦੇ ਨਾਲ-ਨਾਲ ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ ਨਹੁੰ ਸਾਫ ਅਤੇ ਛੋਟੇ ਰੱਖੋ , ਆਸ-ਪਾਸ ਦੀ ਸਫਾਈ ਰੱਖੋ, ਖਾਣੇ ਨੂੰ ਢੱਕ ਕੇ ਰੱਖੋ, ਜੁੱਤੀਆਂ ਜਾਂ ਚੱਪਲਾਂ ਪਾ ਕੇ ਰੱਖੋ, ਫਲਾਂ ਤੇ ਸਬਜੀਆਂ ਨੂੰ ਸਾਫ ਪਾਣੀ ਨਾਲ ਧੋਵੋ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਨੇ ਦੱਸਿਆ ਕਿ ਕਿਸੇ ਵੀ ਮੈਡੀਕਲ ਸਹਾਇਤਾ ਲਈ ਆਰ.ਬੀ.ਐਸ.ਕੇ. ਦੀਆਂ ਮੋਬਾਈਲ ਟੀਮਾਂ ਡਿਊਟੀ ਤੇ ਹਾਜ਼ਰ ਰਹਿਣਗੀਆਂ। ਇਸ ਤੋਂ ਇਲਾਵਾ ਆਂਗਨਵਾੜੀ ਸੈਂਟਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਆਂਗਨਵਾੜੀ ਵਿੱਚ ਪੜ੍ਹਦੀਆਂ ਰਜਿਸਟਰਡ ਕਿਸ਼ੋਰ, ਕਿਸ਼ੋਰੀਆਂ ਨੂੰ ਵੀ ਘਰ ਜਾ ਕੇ ਇਹ ਗੋਲੀ ਜ਼ਰੂਰ ਖਵਾਈ ਜਾਵੇ। ਇਸ ਮੌਕੇ ਰਾਜ ਪੱਧਰ ਤੋਂ ਵਿਸ਼ੇਸ਼ ਰੂਪ ਤੇ ਬਤੌਰ ਮੋਨੀਟਰ ਲਈ ਪਹੁੰਚੇ ਡਾ. ਪ੍ਰਭਲੀਨ ਕੌਰ ਵੱਲੋਂ ਵੀ ਵੱਖ-ਵੱਖ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਵਿੱਚ ਮਨਾਏ ਜਾ ਰਹੇ ਡੀ-ਵਾਰਮਿੰਗ ਡੇਅ ਦਾ ਵੀ ਨਿਰੀਖਣ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਕੂਲ ਸਿਹਤ ਅਫਸਰ ਡਾ. ਜਤਿੰਦਰ ਕੌਰ, ਏ.ਐਮ.ਓ. ਡਾ. ਰਿੰਪਲ ਗਰਗ, ਜ਼ਿਲ੍ਹਾ ਸਿੱਖਿਆ ਤੇ ਸੂਚਨਾ ਅਫਸਰ ਰਾਜ ਰਾਣੀ, ਸਕੂਲ ਪ੍ਰਿੰਸੀਪਲ ਰਵੀ ਸ਼ੰਕਰ ਬਾਂਸਲ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਸਕੂਲ ਹੈਲਥ ਕੋਆਰਡੀਨੇਟਰ ਕਿਰਨਦੀਪ ਕੌਰ, ਸਟਾਫ ਨਰਸ ਮਨਦੀਪ ਕੌਰ, ਫਾਰਮਾਸਿਸਟ ਪਰਮਿੰਦਰ ਕੌਰ, ਕੰਪਿਊਟਰ ਓਪਰੇਟਰ ਗੁਰਮਿੰਦਰ ਸਿੰਘ, ਸਕੂਲ ਸਟਾਫ ਤੋਂ ਭਗਤ ਸਿੰਘ ਅਤੇ ਸਕੂਲੀ ਬੱਚੇ ਹਾਜ਼ਰ ਸਨ।

English






