ਸਿਵਲ ਹਸਪਤਾਲ ਬਟਾਲਾ ਨੂੰ ਮਰੀਜ਼ਾਂ ਲਈ ਐੱਲ-3 ਲੈਵਲ ਅਕਾਸੀਜਨ ਦੇਣ ਵਾਲੀ ਮਸ਼ੀਨ ਮਿਲੀ

ਹੁਣ ਐੱਲ-3 ਲੈਵਲ ਦੇ ਮਰੀਜ਼ਾਂ ਨੂੰ ਰੈਫਰ ਕਰਨ ਦੀ ਬਜਾਏ ਉਨ੍ਹਾਂ ਦਾ ਇਥੇ ਹੀ ਇਲਾਜ ਹੋ ਸਕੇਗਾ – ਡਾ. ਹਰਪਾਲ ਸਿੰਘ
ਬਟਾਲਾ, 25 ਜੂਨ 2021 ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਅਕਾਸੀਜਨ ਦੇ ਐੱਲ-3 ਲੈਵਲ ਵਾਲੇ ਮਰੀਜ਼ਾਂ ਨੂੰ ਅੰਮ੍ਰਿਤਸਰ ਰੈਫਰ ਕਰਨ ਦੀ ਲੋੜ ਨਹੀਂ ਰਹੇਗੀ ਕਿਉਂਕਿ ਐੱਲ-3 ਲੈਵਲ ਅਕਾਸੀਜਨ ਦੇਣ ਵਾਲੀ ਮਸ਼ੀਨ ਹੁਣ ਸਿਵਲ ਹਸਪਤਾਲ ਬਟਾਲਾ ਵਿੱਚ ਉਪਲੱਬਧ ਕਰਵਾ ਦਿੱਤੀ ਗਈ ਹੈ। ਇਹ ਚੰਗੀ ਖਬਰ ਸਾਂਝੀ ਕਰਦਿਆਂ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਹਰਪਾਲ ਸਿੰਘ ਨੇ ਦੱਸਿਆ ਕਿ ‘ਗਿਵ ਫਾਊਂਡੇਸ਼ਨ ਬੰਗਲੌਰ’ ਵੱਲੋਂ ਹਾਈ ਫਲੋਅ ਨੇਜ਼ਲ ਕੈਨੂਲਾ (ਐੱਚ.ਐੱਫ.ਐੱਨ.ਸੀ) ਮਸ਼ੀਨ ਸਿਵਲ ਹਸਪਤਾਲ ਬਟਾਲਾ ਨੂੰ ਦਾਨ ਕੀਤੀ ਗਈ ਹੈ, ਜਿਸ ਨਾਲ ਹੁਣ ਐੱਲ-3 ਲੈਵਲ ਦੇ ਆਕਸੀਜਨ ਲੋੜੀਂਦੇ ਮਰੀਜ਼ਾਂ ਦਾ ਇਥੇ ਹੀ ਇਲਾਜ ਹੋ ਸਕੇਗਾ।
ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਸਿਵਲ ਹਸਪਤਾਲ ਬਟਾਲਾ ਵਿੱਚ ਐੱਲ-2 ਲੈਵਲ ਦਾ ਇਲਾਜ ਹੀ ਸੰਭਵ ਸੀ ਅਤੇ ਇਹ ਮਸ਼ੀਨ ਰਾਹੀਂ ਲੋਅ ਫਲੋਅ ਤੇ ਆਕਸੀਜਨ ਦਿੱਤੀ ਜਾਂਦੀ ਸੀ, ਜੋ ਕਿ 5 ਤੋਂ 15 ਲੀਟਰ ਆਕਸੀਜਨ ਹੀ ਬਣਦੀ ਸੀ। ਉਨ੍ਹਾਂ ਕਿਹਾ ਹੁਣ ਜੋ ਨਵੀਂ ਮਸ਼ੀਨ (ਐੱਚ.ਐੱਫ.ਐੱਨ.ਸੀ) ਸਿਵਲ ਹਸਪਤਾਲ ਬਟਾਲਾ ਨੂੰ ਮਿਲੀ ਹੈ ਇਸ ਨਾਲ ਹਾਈ ਫਲੋਅ ਰਾਹੀਂ 10 ਤੋਂ 60 ਲੀਟਰ ਆਕਸੀਜਨ ਮਰੀਜ਼ ਨੂੰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਹਸਪਤਾਲਾਂ ਵਿੱਚ ਇਸ ਮਸ਼ੀਨ ਸੁਵਿਧਾ ਕੇਵਲ ਸਿਵਲ ਹਸਪਤਾਲ ਬਟਾਲਾ ਵਿੱਚ ਹੀ ਉਪਲੱਬਧ ਹੈ।
ਐੱਸ.ਐੱਮ.ਓ. ਡਾ. ਹਰਪਾਲ ਸਿੰਘ ਨੇ ‘ਗਿਵ ਫਾਊਂਡੇਸ਼ਨ ਬੰਗਲੌਰ’ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਸ਼ੀਨ ਬਟਾਲਾ ਸ਼ਹਿਰ ਅਤੇ ਇਲਾਕੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਵੇਗੀ ਅਤੇ ਐਮਰਜੈਂਸੀ ਵਿੱਚ ਇਹ ਮਸ਼ੀਨ ਆਕਸੀਜਨ ਦੇ ਕੇ ਕਈ ਮਰੀਜ਼ਾਂ ਦੀ ਜਾਨ ਬਚਾਵੇਗੀ।