ਗੁਰਦਾਸਪੁਰ, 29 ਅਗਸਤ – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਅੰਦਰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੋਰੋਨਾ ਪੀੜਤ ਦੇ ਪਾ੍ਰਇਮਰੀ ਤੇ ਸੈਕੰਡਰੀ ਕੰਟੈਕਟ ਦੀ ਟਰੇਸਿੰਗ ਕਰਨ ਉਪਰੰਤ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਕਿਰਿਆ ਦੌਰਾਨ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਜਿੰਨੀ ਜਲਦੀ ਟੈਸਟਿੰਗ ਹੋਵੇਗੀ, ਉਨੀ ਛੇਤੀ ਕੋਰੋਨਾ ਵਾਇਰਸ ਦੇ ਫੈਲਾਅ ਰੋਕਣ ਵਿਚ ਸਹਾਇਤਾ ਮਿਲੇਗੀ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਾਗਰਿਕਾਂ ਦੀ ਲੋੜ ਅਤੇ ਸਹੂਲਤ ਦੇ ਅਨੁਸਾਰ ਘਰੇਲੂ ਇਕਾਂਤਵਾਸ ਸਬੰਧੀ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇ ਕੋਈ ਵਿਅਕਤੀ ਪਾਜ਼ੇਟਿਵ ਪਾਇਆ ਜਾਂਦਾ ਹੈ ਅਤੇ ਜੇ ਕਿਸੇ ਵਿਅਕਤੀ ਵਿੱਚ ਹਲਕੇ ਲੱਛਣ ਪਾਏ ਜਾਂਦੇ ਹਨ ਤਾਂ ਅਜਿਹੇ ਵਿਅਕਤੀਆਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਅਤੇ ਉਹ ਦਿਸ਼ਾ-ਨਿਰਦੇਸ਼ਾਂ ਅਨੁਸਾਰ ਘਰੇਲੂ ਇਕਾਂਤਵਾਸ ਵਿਚ ਰਹਿ ਸਕਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਟੈਸਟ ਤੋਂ ਘਬਰਾਉਣ ਨਾ, ਬਲਕਿ ਕੋਰੋਨਾ ਵਾਇਰਸ ਲੱਛਣ, ਬੁਖਾਰ, ਖੰਘ, ਗਲਾ ਖਰਾਬ, ਜੁਕਾਮ ਜਾਂ ਸਾਹ ਚੜਨਾ ਆਦਿ ਨਜ਼ਰ ਆਉਣ ਤੇ ਤੁਰੰਤ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ।
ਉਨਾਂ ਨੇ ਅੱਗੇ ਦੱਸਿਆ ਕਿ ਲੋਕਾਂ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ ਕਿ ਸੈਂਪਲਿੰਗ ਦੀ ਪ੍ਰਕਿਰਿਆ ਸਮੇਂ ਦਰਦ ਹੁੰਦਾ ਹੈ ਅਤੇ ਕਾਫ਼ੀ ਸਮਾਂ ਲੱਗਦਾ ਹੈ ਜੋ ਕਿ ਬਿਲਕੁਲ ਗਲਤ ਹੈ। ਕੋਵਿਡ ਦੀ ਸੈਂਪਲਿੰਗ ਪ੍ਰਕਿਰਿਆ ਵਿੱਚ ਇੱਕ ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ ਅਤੇ ਇਹ ਇੱਕ ਨਿਰਵਿਘਨ ਪ੍ਰਕਿਰਿਆ ਹੈ। ਸੈਂਪਲਿੰਗ ਦੀ ਪ੍ਰਕਿਰਿਆ ਪੂਰੀ ਤਰਾਂ ਕਸ਼ਟ-ਰਹਿਤ ਹੈ। ਰੈਪਿਡ ਕਿੱਟਾਂ ਜ਼ਰੀਏ ਟੈਸਟਿੰਗ ਵਿੱਚ ਨਮੂਨਾ ਲੈਣ ਤੋਂ ਲੈ ਕੇ ਅੰਤਮ ਰਿਪੋਰਟ ਦੇਣ ਤੱਕ 30 ਮਿੰਟ ਤੋਂ ਵੀ ਘੱਟ ਸਮਾਂ ਲਗਦਾ ਹੈ ਅਤੇ ਸੈਂਪਲਿੰਗ ਬਿਲਕੁਲ ਮੁਫ਼ਤ ਹੈ। ਉਨਾਂ ਨੇ ਲੋਕਾਂ ਨੂੰ ਟੈਸਟਿੰਗ ਲਈ ਅੱਗੇ ਆਉਣ ਅਤੇ ਟੈਸਟਿੰਗ ਸਬੰਧੀ ਆਪਣੇ ਸ਼ੰਕਿਆਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਟੈਸਟਿੰਗ ਬਹੁਤ ਜ਼ਰੂਰੀ ਹੈ।

English






