‘ਮਿਸ਼ਨ ਫ਼ਤਿਹ’
ਗੁਰਦਾਸਪੁਰ, 24 ਅਕਤੂਬਰ ( ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵਿਸ਼ੇਸ ਕੈਂਪ ਲਗਾ ਕੇ ਕੋਰੋਨਾ ਟੈਸਟਿੰਗ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਪਿੰਡ ਬੁੱਚਾ ਨੰਗਲ ਨੇੜੇ ਕਲਾਨੋਰ ਵਿਖੇ ਵਿਸ਼ੇਸ ਕੈਂਪ ਲਗਾ ਕੇ ਪਿੰਡਵਾਸੀਆਂ ਨੂੰ ਕੋਰੋਨਾ ਵਾਇਰਸ ਵਿਰੁੱਧ ਜਾਗਰੂਕ ਕਰਨ ਦੇ ਨਾਲ-ਨਾਲ ਕੋਰੋਨਾ ਟੈਸਟਿੰਗ ਵੀ ਕੀਤੀ, ਜਿਸ ਵਿਚ ਪਿੰਡ ਤੇ ਪੰਚ, ਸਰਪੰਚ ਤੇ ਪਿੰਡਵਾਸੀਆਂ ਨੇ ਪੂਰਾ ਸਹਿਯੋਗ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਲਖਵਿੰਦਰ ਸਿੰਘ ਅਠਵਾਲ ਐਸ.ਐਮ. ਓ ਕਲਾਨੋਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਿੰਡਾਂ, ਕਸਬਿਆਂ ਆਦਿ ਤੇ ਕੋਰੋਨਾ ਟੈਸਟਿੰਗ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਪਿੰਡ ਦੇ ਸਰਪੰਚ ਸ. ਸੁਖਰਾਜ ਸਿੰਘ ਨੇ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਵਿਚ ਆ ਕੇ ਕੋਰੋਨਾ ਟੈਸਟਿੰਗ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿਚ ਮਦਦ ਮਿਲੇਗੀ। ਉਨਾਂ ਕਿਹਾ ਕਿ ਪਿੰਡਵਾਸੀਆਂ ਨੂੰ ਟੈਸਟ ਕਰਵਾਉਣ ਤੋਂ ਡਰ ਲੱਗਦਾ ਸੀ, ਪਰ ਡਾਕਟਰਾਂ ਵਲੋਂ ਲੋਕਾਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਤੇ ਲੋਕਾਂ ਦੀ ਗਲਤਫਹਿਮੀਆਂ ਦੂਰ ਕੀਤੀਆਂ। ਇਸ ਮੌਕੇ ਕਰੀਬ 130 ਪਿੰਡ ਵਾਸੀਆਂ ਨੇ ਆਪਣੀ ਸਹਿਮਤੀ ਨਾਲ ਕੋਰੋਨਾ ਟੈਸਟ ਕਰਵਾਇਆ। ਡਾ. ਅਠਵਾਲ ਨੇ ਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਦਾ ਸਿਹਤ ਵਿਭਾਗ ਦੀ ਟੀਮ ਨਾਲ ਸਹਿਯੋਗ ਕਰਨ ਤੇ ਧੰਨਵਾਦ ਕੀਤਾ।
ਡਾ. ਅਠਵਾਲ ਨੇ ਅੱਗੇ ਦੱਸਿਆ ਕਿ ਜੇਕਰ ਲੋਕਾਂ ਵੱਲੋਂ ਕੋਰੋਨਾ ਦੇ ਸ਼ੁਰੂਆਤੀ ਲੱਛਣਾਂ ਜਿਨਾਂ ਵਿੱਚ ਹਲਕਾ ਗਲਾ ਖਰਾਬ ਹੋਣਾ, ਬੁਖਾਰ, ਖਾਂਸੀ, ਸਰੀਰਕ ਦਰਦ ਅਤੇ ਸਾਧਾਰਨ ਕਮਜੋਰੀ ਮਹਿਸੂਸ ਹੋਣਾ ਆਦਿ ਸ਼ਾਮਿਲ ਹਨ ਤਾਂ ਉਸ ਮੌਕੇ ਹੀ ਕੋਰੋਨਾ ਦੀ ਜਾਂਚ ਕਰਵਾਈ ਜਾਵੇ ਤਾਂ ਇਸ ਨਾਲ ਨਾ ਕੇਵਲ ਕੋਰੋਨਾ ਦੇ ਫੈਲਾਅ ਨੂੰ ਘੱਟ ਕੀਤਾ ਜਾ ਸਕਦਾ ਹੈ ਸਗੋਂ ਸਮੇ ਸਿਰ ਢੁੱਕਵੀਂ ਡਾਕਟਰੀ ਸਹਾਇਤਾ ਮਿਲਣ ਨਾਲ ਮੋਤ ਦਰ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪੋਜ਼ਟਿਵ ਆਉਂਦੀ ਹੈ ਤਾਂ ਉਹ ਘਰ ਏਕਾਂਤਵਾਸ ਹੋ ਸਕਦਾ ਹੈ। ਲੋਕ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਾ ਆਉਣ ਅਤੇ ਅਫਵਾਹਾਂ ਤੋਂ ਸੁਚੇਤ ਰਹਿਣ। ਉਨਾਂ ਪਿੰਡ ਵਾਸੀਆਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

English






