ਰੂਪਨਗਰ, 18 ਫਰਵਰੀ 2024
ਫੂਡ ਅਤੇ ਡਰੱਗ ਕਮਿਸ਼ਨਰ ਸ਼੍ਰੀ ਅਭਿਨਵ ਤ੍ਰਿਖਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਰੂਪਨਗਰ ਡਾ. ਮਨੂੰ ਵਿੱਜ ਦੀ ਰਹਿਨੁਮਾਈ ਹੇਠ ਫੂਡ ਸੇਫਟੀ ਟੀਮ ਰੂਪਨਗਰ ਨੇ ਰੂਪਨਗਰ ਸ਼ਹਿਰ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਫਾਸਟ ਫੂਡ, ਚਾਟ ਤੇ ਰੇਹੜੀ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ।
ਡਾ. ਜਗਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਨੇ ਚੈਕਿੰਗ ਦੌਰਾਨ ਰੇਹੜੀ ਫੜ੍ਹੀ ਵਾਲਿਆਂ ਖਾਸ ਤੌਰ ਤੇ ਦੁਕਾਨਾਂ ਦੀ ਸਾਫ ਸਫਾਈ ਦਾ ਨਿਰੀਖਣ ਕੀਤਾ। ਟੀਮ ਨੇ ਉਨ੍ਹਾਂ ਨੂੰ ਫੂਡ ਸੇਫਟੀ ਐਕਟ ਦੇ ਨਿਯਮ ਦੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਵਧੀਆ ਖਾਣ ਪੀਣ ਦਾ ਸਮਾਨ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਟੀਮ ਨੇ ਫੂਡ ਲਾਈਸੈਂਸ ਅਤੇ ਰਜਿਸਟਰੇਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਜਿਨ੍ਹਾਂ ਦੇ ਫੂਡ ਲਾਈਸੈਂਸ ਨਹੀਂ ਬਣੇ ਉਨ੍ਹਾਂ ਦੁਕਾਨਦਾਰਾਂ ਨੂੰ ਜਲਦ ਲਾਈਸੈਂਸ ਬਣਾਉਣ ਦੀ ਹਦਾਇਤ ਵੀ ਕੀਤੀ।
ਡਾ. ਜਗਜੀਤ ਕੌਰ ਫੂਡ ਡੈਜੀਗਨੇਟਡ ਅਫਸਰ ਜ਼ਿਲ੍ਹਾ ਸਿਹਤ ਅਫਸਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਫੂਡ ਵਿਕ੍ਰੇਤਾ ਨੂੰ ਫੂਡ ਸੇਫਟੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਆਉਣ ਵਾਲੇ ਹੋਲਾ ਮਹੱਲਾ ਦੌਰਾਨ ਲੋਕਾਂ ਨੂੰ ਵਧੀਆ ਖਾਣ ਪੀਣ ਦਾ ਸਮਾਨ ਮਿਲੇ।
ਟੀਮ ਵੱਲੋਂ ਚੈਕਿੰਗ ਦੌਰਾਨ 8 ਫੂਡ ਸੈਂਪਲ ਵੀ ਭਰੇ ਸੈਂਪਲ ਜਾਂਚ ਲਈ ਫੂਡ ਲੈਬੋਰਟਰੀ ਖਰੜ ਭੇਜੇ ਗਏ ਹਨ। ਇਸ ਮੌਕੇ ਪ੍ਰਧਾਨ ਕਮ ਐਮ ਸੀ ਸੁਨੀਲ ਕੁਮਾਰ ਅਟਵਾਲ ਨੇ ਯਕੀਨ ਦਿਵਾਇਆ ਕਿ ਫੂਡ ਸੇਫਟੀ ਨਿਯਮ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਫੂਡ ਸੇਫਟੀ ਅਫ਼ਸਰ ਦਿਨੇਸ਼ਜੋਤ ਅਤੇ ਸੰਜੇ ਕੁਮਾਰ ਹਾਜ਼ਰ ਸਨ।

English




