ਸਿਹਤ ਵਿਭਾਗ ਵਲੋਂ ਸਕੂਲਾਂ ਦੇ ਨੇੜੇ ਐਨਰਜੀ ਡਰਿੰਕਸ ਵੇਚਣ ‘ਤੇ ਮਨਾਹੀ

ਬਰਨਾਲਾ, 5 ਮਈ 2025

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸਨ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ. ਬੈਨਿਥ ਦੇ ਹੁਕਮਾਂ ਅਨੁਸਾਰ 21 ਅਪ੍ਰੈਲ 2025 ਤੋਂ ਸਕੂਲਾਂ ਦੇ ਨੇੜੇ ਐਨਰਜੀ ਡਰਿੰਕਸ ਵੇਚਣ ਤੇ ਰੋਕ ਲਗਾਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ.ਬਲਜੀਤ ਸਿੰਘ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ. ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੇਂਡੂ ਖੇਤਰ ਦੇ ਸਕੂਲਾਂ ਦੇ 100 ਮੀਟਰ ਘੇਰੇ ਵਿੱਚ ਅਤੇ ਸ਼ਹਿਰੀ ਖੇਤਰ ਦੇ ਸਕੂਲਾਂ ਚ 50 ਮੀਟਰ ਦੇ ਘੇਰੇ ‘ਚ ਅਤੇ ਸਕੂਲਾਂ ਚ ਕੰਟੀਨਾਂ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ਦੀ ਮਨਾਹੀ ਕੀਤੀ ਗਈ ਹੈ। ਐਨਰਜੀ ਡਰਿੰਕਸ ਬੱਚਿਆਂ ਦੀ ਸਿਹਤ ਤੇ ਮਾੜਾ ਅਸਰ ਪਾਉਂਦੇ ਹਨ।

ਇਨ੍ਹਾਂ ‘ਚ ਪਾਏ ਜਾਣ ਵਾਲੇ ਰਸਾਇਣਕ ਪਦਾਰਥਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਸਕੂਲਾਂ ਦੇ ਅੰਦਰ ਅਤੇ ਬਾਹਰ ਦੁਕਾਨਾਂ/ ਕੰਟੀਨਾਂ ਚਲਾ ਰਹੇ ਦੁਕਾਨਦਾਰਾਂ ਨੂੰ ਸਿਹਤ ਵਿਭਾਗ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਆਪਣੀਆਂ ਦੁਕਾਨਾਂ ਅੱਗੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਨਾਹੀ ਵਾਲੇ ਬੈਨਰ/ ਬੋਰਡ ਵੀ ਲਗਾਉਣੇ ਚਾਹੀਦੇ ਹਨ।ਜੇਕਰ ਕੋਈ ਵੀ ਦੁਕਾਨਦਾਰ ਉਲੰਘਣਾ ਕਰਦਾ ਹੈ ਤਾਂ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸਨ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਬਰਨਾਲਾ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।