ਸਿਵਲ ਸਰਜਨ ਵੱਲੋਂ ਜੱਚਾ-ਬੱਚਾ ਦੇਖਭਾਲ ਨੂੰ ਦਿੱਤੀ ਵਿਸ਼ੇਸ ਤਵੱਜੋਂ
ਗਰਭਵਤੀ ਔਰਤਾਂ ਆਪਣਾ ਜਣੇਪਾ ਹਸਪਤਾਲਾਂ ‘ਚ ਕਰਵਾਉਣ – ਡਾ.ਆਹਲੂਵਾਲੀਆ
ਲੁਧਿਆਣਾ, 11 ਸਤੰਬਰ 2021 ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਿਵਲ ਸਰਜਨ ਡਾ.ਕਿਰਰਨ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਖੇ ਅੱਜ 11 ਸਤੰਬਰ ਤੋਂ 17 ਸਤੰਬਰ, 2021 ਤੱਕ ‘ਰੋਗੀ ਸੁਰੱਖਿਆ ਹਫ਼ਤਾ’ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ, ਵਿਸ਼ੇਸ਼ ਤੌਰ ‘ਤੇ ਮਾਂ ਅਤੇ ਬੱਚੇ ਦੀ ਸਹੀ ਦੇਖਭਾਲ ਅਤੇ ਸਿਹਤਮੰਦ ਤਰੀਕਿਆਂ ‘ਤੇ ਜ਼ੋਰ ਦਿੱਤਾ ਜਾਵੇਗਾ।
ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਮੰਨੂ ਵਿਜ ਐਸ.ਐਮ.ਓ ਨੇ ਦੱਸਿਆ ਕਿ ਹਦਾਇਤਾਂ ਅਨੁਸਾਰ ਪਹਿਲੇ ਦਿਨ ਤੋਂ ਅਖੀਰਲੇ ਦਿਨ ਤੱਕ ਸਿਹਤ ਕਰਮਚਾਰੀਆਂ ਵੱਲੋਂ ਮਾਂ ਦੀ ਸਿਹਤ ਸੰਭਾਲ, ਬੱਚੇ ਦੀ ਸਿਹਤ ਸੰਭਾਲ, ਇਲਾਜ਼, ਰੇਡੀਏਸ਼ਨ ਸੇਫਟੀ, ਫਾਇਰ ਸੇਫਟੀ ਆਦਿ ਬਾਰੇ ਰੋਜ਼ਾਨਾ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਅਖੀਰਲੇ ਦਿਨ ਕਰਮਚਾਰੀ ਇਹ ਪ੍ਰਣ ਵੀ ਕਰਨਗੇ ਕਿ ਅਸੀਂ ਆਪਣੀ ਸੰਸਥਾ ਵਿੱਚ ਮਾਂਵਾਂ ਅਤੇ ਬੱਚਿਆਂ ਦੀ ਸਹੀ ਦੇਖਭਾਲ ਕਰਾਂਗੇ।
ਡਾ.ਆਹਲੂਵਾਲੀਆ ਨੇ ਮਾਂਵਾਂ ਨੂੰ ਅਪੀਲ ਕੀਤੀ ਕਿ ਆਪਣਾ ਜਣੇਪਾ ਹਸਪਤਾਲ ਵਿੱਚ ਕਰਵਾਉਣ ਤਾਂ ਕਿ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਸਹੀ ਢੰਗ ਨਾਲ ਹੋ ਸਕੇ ਅਤੇ ਮੌਤ ਦਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਸਹੀ ਇਲਾਜ਼, ਟੀਕਾਕਰਨ ਅਤੇ ਸਹੀ ਪੋਸ਼ਣ ‘ਤੇ ਵੀ ਜ਼ੋਰ ਦਿੱਤਾ ਅਤੇ ਆਪਣੇ ਸਬੰਧਤ ਸਟਾਫ ਨੂੰ ਇਹ ਕਾਰਜ਼ ਤਨਦੇਹੀ ਨਾਲ ਕਰਨ ਲਈ ਵੀ ਪ੍ਰੇਰਿਤ ਕੀਤਾ।

English






