ਸਿੰਘ ਸਾਹਿਬਾਨ ਦੇ ਬਿਆਨ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਬਾਦਲ- ਹਰਪਾਲ ਸਿੰਘ ਚੀਮਾ

aap punjab

ਅਣਗਿਣਤ ਭਖਵੇਂ ਮੁੱਦਿਆਂ ‘ਚ ਪੰਜਾਬ ਦਾ ਮੁੱਦਾ ਨਹੀਂ ਹੈ ਵੱਖਰਾ ਸਿੱਖ ਰਾਜ- ‘ਆਪ’
ਵਿਰੋਧੀ ਧਿਰ ਦੇ ਨੇਤਾ ਨੇ ਰਾਜਾ ਅਮਰਿੰਦਰ ਸਿੰਘ ਅਤੇ ਬਾਦਲਾਂ ‘ਤੇ ਜਮ ਕੇ ਬੋਲਿਆ ਹੱਲਾ

ਜਲੰਧਰ, 14  ਸਤੰਬਰ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ਬਾਰੇ ਸਪਸ਼ਟੀਕਰਨ ਮੰਗਿਆ ਹੈ। ਜਿਸ ‘ਚ ਉਨ੍ਹਾਂ (ਜਥੇਦਾਰ ਸਾਹਿਬ) ਨੇ ਸਿੱਖਾਂ ਦੀ ਭਾਰਤ ਅੰਦਰ ਦਸ਼ਾ ਦੇ ਹਵਾਲੇ ਨਾਲ ਵੱਖਰੇ ਕੌਮੀ ਘਰ (ਸੇਪਰੇਟ ਸਿੱਖ ਸਟੇਟ) ਦੀ ਮੰਗ ਨੂੰ ਜਾਇਜ਼ ਠਹਿਰਾਇਆ ਹੈ।
ਸੋਮਵਾਰ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਪੁੱਜੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੱਖਰੀ ਸਿੱਖ ਸਟੇਟ ਵਾਲੀ ਮੰਗ ਦਾ ਸਪੱਸ਼ਟ ਵਿਰੋਧ ਕੀਤਾ।
ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਮੌਜੂਦਗੀ ‘ਚ ਹਰਪਾਲ ਸਿੰਘ ਚੀਮਾ ਨੇ ਕਿਹਾ, ”ਆਮ ਆਦਮੀ ਪਾਰਟੀ ਇੱਕ ਨਿਰੋਲ ਧਰਮ ਨਿਰਪੱਖ ਪਾਰਟੀ ਹੈ, ਪਰੰਤੂ ਅਸੀਂ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬੇਹੱਦ ਸਨਮਾਨ ਅਤੇ ਸਤਿਕਾਰ ਕਰਦੇ ਹਾਂ, ਪਰੰਤੂ ਬਤੌਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੇਂ-ਸਮੇਂ ‘ਤੇ ਵੱਖਰੇ ਸਿੱਖ ਰਾਜ/ਖ਼ਾਲਿਸਤਾਨ ਬਾਰੇ ਦਿੱਤੇ ਜਾਂਦੇ ਬਿਆਨਾਂ ਦਾ ਸਪਸ਼ਟ ਵਿਰੋਧ ਕਰਦੇ ਹਾਂ। ਇਹ ਗੱਲਾਂ ਪੰਜਾਬ ਦੇ ਲੋਕਾਂ ਦਾ ਮੁੱਦਾ ਨਹੀਂ ਹਨ, ਬਲਕਿ ਦਰਪੇਸ਼ ਭਖਵੇਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਂਦੀਆਂ ਹਨ। ਡਰ ਅਤੇ ਦਹਿਸ਼ਤ ਫੈਲਾਉਂਦੀਆਂ ਹਨ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸੱਟ ਮਾਰਦੀਆਂ ਹਨ।”
ਹਰਪਾਲ ਸਿੰਘ ਚੀਮਾ ਨੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਸਪਸ਼ਟੀਕਰਨ ਮੰਗਦਿਆਂ ਪੁੱਛਿਆ ਕਿ ਕੀ ਉਹ ਵੱਖਰੇ ਸਿੱਖ ਰਾਜ ਦੀ ਮੰਗ ਨਾਲ ਸਹਿਮਤ ਹਨ? ਕੀ ਗਿਆਨੀ ਹਰਪ੍ਰੀਤ ਸਿੰਘ ਅਜਿਹੇ ਬਿਆਨ ਉਨ੍ਹਾਂ ਦੀ ਸਹਿਮਤੀ ਨਾਲ ਦਿੰਦੇ ਹਨ? ਚੀਮਾ ਨੇ ਇਸ ਮੁੱਦੇ ‘ਤੇ ਬਾਦਲਾਂ ਦੇ ਸਟੈਂਡ ਬਾਰੇ ਭਾਜਪਾ ਨੂੰ ਸਥਿਤੀ ਸਪਸ਼ਟ ਕਰਨ ਲਈ ਵੀ ਕਿਹਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਜਦੋਂ ਵੀ ਸੱਤਾ ‘ਚੋਂ ਬਾਹਰ ਹੁੰਦੇ ਹਨ ਉਦੋਂ ਹੀ ਪੰਜਾਬ ਅਤੇ ਪੰਥ ਦਾ ਹੇਜ ਜਾਗ ਉੱਠਦਾ ਹੈ, ਪਰੰਤੂ ਜਦੋਂ ਸੱਤਾ ‘ਚ ਹੁੰਦੇ ਹਨ ਤਾਂ ਨਾ ਪੰਥ ਅਤੇ ਨਾ ਪੰਜਾਬ ਯਾਦ ਰਹਿੰਦਾ ਹੈ। ਇਨ੍ਹਾਂ ਨੇ ਹਮੇਸ਼ਾ ਸੱਤਾਧਾਰੀ ਕੁਰਸੀ ਦੀ ਚਿੰਤਾ ਕੀਤੀ ਹੈ। ਇਸ ਕੁਰਸੀ ਨੂੰ ਪਾਉਣ ਜਾਂ ਬਚਾਉਣ ਲਈ ਇਹ ਅਰਾਜਕਤਾ ਫੈਲਾਉਣ ਤੱਕ ਚਲੇ ਜਾਂਦੇ ਹਨ।
ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਬਾਦਲਾਂ ਦੀ ਤਰਜ਼ ‘ਤੇ ਕੁਰਸੀ ਕੇਂਦਰਿਤ ਸੌੜੀ ਸਿਆਸਤ ਕਰਨ ਦੇ ਮਾਹਿਰ ਹਨ। ਇਨ੍ਹਾਂ ਸਾਰਿਆਂ ਦੀ ਬਦੌਲਤ ਪੰਜਾਬ ਪਹਿਲਾਂ ਹੀ ਬਹੁਤ ਹੀ ਬੁਰਾ ਵਕਤ ਝੱਲ ਚੁੱਕਿਆ ਹੈ ਅਤੇ ਅੱਜ ਤੱਕ ਗਿਰਾਵਟ ਵੱਲ ਜਾ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਮੌਕੇ ਖੇਤੀ ਵਿਰੋਧੀ ਆਰਡੀਨੈਂਸ, ਕਿਸਾਨ-ਮਜ਼ਦੂਰ ਕਰਜ਼ੇ, ਆਤਮ ਹੱਤਿਆਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਲਾਪਤਾ ਪਾਵਨ ਬੀੜਾਂ, ਬੇਰੁਜ਼ਗਾਰੀ, ਜ਼ਹਿਰੀਲੀ ਸ਼ਰਾਬ ਅਤੇ ਮਾਫੀਆ ਰਾਜ ਮੁੱਦੇ ਹਨ। ਦਲਿਤ ਵਿਦਿਆਰਥੀਆਂ ਦਾ ਵਜ਼ੀਫ਼ਾ ਘੁਟਾਲਾ ਅਤੇ ਬੇਕਾਬੂ ਹੋਈ ਕੋਰੋਨਾ ਮਹਾਂਮਾਰੀ ਅਹਿਮ ਮੁੱਦੇ ਹਨ। ਜਿੰਨਾ ਤੋਂ ਧਿਆਨ ਭਟਕਾਉਣ ਲਈ ਕੈਪਟਨ ਅਤੇ ਬਾਦਲ ਅੰਦਰੂਨੀ ਮਿਲੀਭੁਗਤ ਨਾਲ ਫ਼ਜ਼ੂਲ ਅਤੇ ਦਹਿਸ਼ਤ ਫੈਲਾਉਣ ਵਾਲੀ ਬਿਆਨਬਾਜ਼ੀ ਕਰ ਰਹੇ ਹਨ।
ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਨਿਕੰਮੀਆਂ, ਪਰਿਵਾਰਪ੍ਰਸਤ ਅਤੇ ਭ੍ਰਿਸ਼ਟ ਸਰਕਾਰਾਂ ਕਾਰਨ ਦੇਸ਼ ‘ਚ ਸਿਰਫ਼ ਸਿੱਖਾਂ ਦੀ ਹੀ ਨਹੀਂ ਸਗੋਂ ਸਾਰੇ ਵਰਗਾਂ ਦੀ ਦੁਰਦਸ਼ਾ ਹੋਈ ਹੈ। ਚੀਮਾ ਨੇ ਜਥੇਦਾਰ ਸਾਹਿਬ ਦੇ ਹਵਾਲੇ ਨਾਲ ਕਿਹਾ ਕਿ ਸਿੱਖਾਂ ਅਤੇ ਸਿੱਖੀ ਦੀ ਭਾਰਤ ਤਾਂ ਛੱਡੋ ਪੰਜਾਬ ‘ਚ ਸਭ ਤੋਂ ਵੱਧ ਦੁਰਦਸ਼ਾ ਹੋਈ ਹੈ। ਜਿਸ ਲਈ ਬਾਦਲ ਅਤੇ ਰਾਜਾ ਅਮਰਿੰਦਰ ਸਿੰਘ ਇੱਕ ਦੂਜੇ ਤੋਂ ਵਧ ਕੇ ਜ਼ਿੰਮੇਵਾਰ ਹਨ। ਚੀਮਾ ਨੇ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਇਨ੍ਹਾਂ ਰਿਵਾਇਤੀ ਪਾਰਟੀਆਂ ਨੇ ਸੰਘੀ ਢਾਂਚੇ ਦਾ ਲਗਾਤਾਰ ਗਲਾ ਘੁੱਟਿਆ ਹੈ ਅਤੇ ਰਾਜਾਂ ਦੇ ਹੱਕਾਂ ‘ਤੇ ਡਾਕੇ ਮਾਰੇ ਹਨ।