ਹਰ ਪੱਧਰ ‘ਤੇ ਜੇਤੂਆਂ ਨੂੰ ਮਿਲਣਗੇ ਨਕਦ ਇਨਾਮ
ਤਰਨ ਤਾਰਨ, 22 ਨਵੰਬਰ :
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿਦਿਆਰਥੀਆਂ ਅੰਦਰ ਦ੍ਰਿਸ਼ਟੀਕੋਣ ਪੈਦਾ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ `ਰਾਸ਼ਟਰੀ ਅਵਿਸ਼ਕਾਰ ਅਭਿਆਨ` ਤਹਿਤ 23 ਨਵੰਬਰ ਤੋਂ 28 ਨਵੰਬਰ ਤੱਕ ਪ੍ਰਦਰਸ਼ਨੀਆਂ ਦਾ ਬਲਾਕ, ਜ਼ਿਲ੍ਹਾ ਅਤੇ ਸਟੇਟ ਪੱਧਰ ਤੇ ਆਨ-ਲਾਈਨ/ਆਫ਼-ਲਾਈਨ ਆਯੋਜਨ ਕੀਤਾ ਜਾ ਰਿਹਾ ਹੈ।
ਸਤਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫਸਰ (ਸੈ.) ਤਰਨਤਾਰਨ ਨੇ ਉਕਤ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨੀਆਂ ਦੇ ਵੱਖ-ਵੱਖ ਪੱਧਰਾਂ ‘ਤੇ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ।ਡੀ. ਈ. ਓ. ਤਰਨਤਾਰਨ ਨੇ ਦੱਸਿਆ ਕਿ ਇਹ ਵਿਗਿਆਨ ਪ੍ਰਦਰਸ਼ਨੀ ਬਲਾਕ ਪੱਧਰ ਤੇ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ 23 ਨਵੰਬਰ ਨੂੰ ਅਤੇ ਨੌਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ 24 ਨਵੰਬਰ ਨੂੰ ਕਰਵਾਈ ਜਾ ਰਹੀ ਹੈ। ਬਲਾਕ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1500 ਰੁਪਏ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 1000 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 500 ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
ਜ਼ਿਲ੍ਹਾ ਪੱਧਰ ‘ਤੇ ਇਹ ਪ੍ਰਦਰਸ਼ਨੀ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ 25 ਨਵੰਬਰ ਨੂੰ ਅਤੇ ਨੌਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 26 ਨਵੰਬਰ ਨੂੰ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 2100 ਰੁਪਏ, ਦੂਸਰਾ ਸਥਾਨ ਹਾਸਲ ਕਰਨ ਵਾਲੇ ਨੂੰ 1500 ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 1000 ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਰਾਜ ਪੱਧਰ ਤੇ ਇਸ ਪ੍ਰਦਰਸ਼ਨੀ ਦਾ ਆਯੋਜਨ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਲਈ 27 ਨਵੰਬਰ ਨੂੰ ਅਤੇ ਨੌਵੀਂ ਤੋਂ ਦਸਵੀਂ ਜਮਾਤ ਦੇ ਲਈ 28 ਨਵੰਬਰ ਨੂੰ ਕੀਤਾ ਜਾਵੇਗਾ। ਰਾਜ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 5100 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 3100 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਨੂੰ 2100 ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਇਸ ਵਿਗਿਆਨ ਪ੍ਰਦਰਸ਼ਨੀ ਨੂੰ ਆਯੋਜਿਤ ਕਰਨ ਦਾ ਪ੍ਰਬੰਧਕੀ ਖਰਚਾ ਬਲਾਕ ਪੱਧਰ ਤੇ ਪ੍ਰਤੀ ਬਲਾਕ 1000 ਰੁਪਏ, ਜ਼ਿਲ੍ਹੇ ਪੱਧਰ ਤੇ ਪ੍ਰਦਰਸ਼ਨੀ ਦਾ ਆਯੋਜਨ ਕਰਨ ਲਈ 2,900 ਰੁਪਏ ਅਤੇ ਸਟੇਟ ਪੱਧਰ ਤੇ ਪ੍ਰਦਰਸ਼ਨੀ ਦਾ ਆਯੋਜਨ ਕਰਨ ਲਈ 12,700 ਰੁਪਏ ਦੀ ਰਾਸ਼ੀ ਸਿੱਖਿਆ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ।
ਸਤਨਾਮ ਸਿੰਘ ਬਾਠ, ਡੀ.ਈ.ਓ. (ਸੈ.) ਤਰਨਤਾਰਨ ਨੇ ਦੱਸਿਆ ਕਿ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣ ਲਈ ਸਕੂਲ ਪੱਧਰ ‘ਤੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਰਾਹੀਂ ਸੰਬੰਧਿਤ ਬੀ.ਐੱਮ. ਵਿਗਿਆਨ ਨੂੰ ਭੇਜਣਗੇ। ਬੀ.ਐੱਮ. ਵਿਗਿਆਨ ਅਤੇ ਜੱਜ ਸਾਰੀਆਂ ਵੀਡੀਓਜ਼ ਨੂੰ ਦੇਖ ਕੇ ਬਲਾਕ ਪੱਧਰ ‘ਤੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕੱਢਣਗੇ। ਬਲਾਕ ਪੱਧਰ ਤੇ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੀ ਟੀਮ ਦੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਰਾਹੀਂ ਸੰਬੰਧਿਤ ਬੀ.ਐੱਮ. ਵਿਗਿਆਨ ਨੂੰ ਭੇਜਣਗੇ। ਡੀ.ਐੱਮ./ ਬੀ.ਐੱਮ. ਵਿਗਿਆਨ ਅਤੇ ਜੱਜ ਸਾਰੀਆਂ ਵੀਡੀਓਜ਼ ਨੂੰ ਦੇਖ ਕੇ ਜ਼ਿਲ੍ਹੇ ਵਿੱਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕੱਢਣਗੇ।
ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਰਾਹੀਂ ਸੰਬੰਧਿਤ ਡੀ.ਐੱਮ. ਵਿਗਿਆਨ ਨੂੰ ਭੇਜਣਗੇ। ਡੀ.ਐੱਮ. ਵਿਗਿਆਨ ਅਤੇ ਜੱਜਮੈਂਟ ਟੀਮ ਸਾਰੀਆਂ ਵੀਡੀਓਜ਼ ਨੂੰ ਦੇਖ ਕੇ ਸਟੇਟ ਵਿੱਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕੱਢਣਗੇ। ਸਾਰੇ ਮੁਕਾਬਲਿਆਂ ਵਿੱਚ ਲੋੜ ਪੈਣ ਤੇ ਸੰਬੰਧਿਤ ਸਕੂਲ ਦੇ ਅਧਿਆਪਕ ਰਾਹੀਂ ਜ਼ੂਮ ਐਪ ਰਾਹੀਂ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ।

English





