ਸਿੱਖਿਆ ਵਿਭਾਗ ਨੇ ਚਲਾਈ ਸਕੂਲ ਦਰਸ਼ਨ ਮੁਹਿੰਮ

ਪਟਿਆਲਾ 23 ਅਪ੍ਰੈਲ:
ਸਕੂਲ ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਤਹਿਤ ਹੀ ਸਕੂਲ ਦਰਸ਼ਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਬੱਚਿਆਂ ਦੇ ਮਾਪਿਆਂ ਨੂੰ ਇੱਕ ਵਾਰ ਸਰਕਾਰੀ ਸਕੂਲਾਂ ‘ਚ ਆਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਜਿਸ ਨਾਲ ਦਾਖਲਾ ਮੁਹਿੰਮ ਨੂੰ ਨਵਾਂ ਹੁਲਾਰਾ ਮਿਲਿਆ ਹੈ।
ਇਹ ਜਾਣਕਾਰੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਧਿਆਪਕ ਹਰੇਕ ਸਕੂਲ ਜਾਣ ਵਾਲੇ ਬੱਚੇ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ‘ਚ ਉਪਲਬਧ ਸਹੂਲਤਾਂ ਬਾਰੇ ਪ੍ਰਤੱਖ ਰੂਪ ਦੇਖਣ ਲਈ ਸਕੂਲਾਂ ‘ਚ ਆਉਣ ਦਾ ਸੱਦਾ ਦੇ ਰਹੇ ਹਨ, ਜਿਸ ਸਦਕਾ ਹਰ ਰੋਜ਼ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਮਾਪੇ ਵੱਡੀ ਗਿਣਤੀ ‘ਚ ਆ ਰਹੇ ਹਨ। ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮੌਕੇ ‘ਤੇ ਹੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ‘ਚ ਦਾਖਲ ਕਰਵਾਉਣ ਦਾ ਮਨ ਬਣਾ ਲੈਂਦੇ ਹਨ।
ਉਕਤ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ‘ਚ ਅਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਰਾਜ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ। ਜਿਸ ਤਹਿਤ ਸਰਕਾਰੀ ਸਕੂਲਾਂ ‘ਚ ਢਾਂਚਾਗਤ ਵਿਕਾਸ ਦੇ ਨਾਲ-ਨਾਲ ਵਿੱਦਿਅਕ ਗੁਣਵੱਤਾ ‘ਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ। ਜਿਸ ਨੂੰ ਅਧਾਰ ਬਣਾ ਕੇ, ਸਿੱਖਿਆ ਵਿਭਾਗ ਵੱਲੋਂ ਦਾਖਲਾ ਮੁਹਿੰਮ ਚਲਾਈ ਜਾ ਰਹੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਹਰਾ ਦੇ ਪ੍ਰਿੰ. ਭਰਪੂਰ ਸਿੰਘ ਲੌਟ ਦਾ ਕਹਿਣਾ ਹੈ ਕਿ ਇਸ ਵੇਲੇ ਸਰਕਾਰੀ ਸਕੂਲਾਂ ‘ਚ ਹਰ ਤਰ੍ਹਾਂ ਦੀਆਂ ਵਿੱਦਿਅਕ, ਖੇਡਾਂ ਤੇ ਹੋਰਨਾਂ ਗਤੀਵਿਧੀਆਂ ਨਾਲ ਸਬੰਧਤ ਮਿਆਰੀ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਸਦਕਾ ਅਧਿਆਪਕ ਬੜੇ ਫਖਰ ਨਾਲ ਮਾਪਿਆਂ ਕੋਲ ਆਪਣੇ ਸਕੂਲਾਂ ਬਾਰੇ ਦੱਸ ਰਹੇ ਹਨ ਅਤੇ ਸਕੂਲਾਂ ‘ਚ ਨਿਰੰਤਰ ਦਾਖਲੇ ਵਧ ਰਹੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਰੌਣੀ ਦੇ ਹੈਡਟੀਚਰ ਨਿਤਿਨ ਵਰਮਾ ਨੇ ਕਿਹਾ ਕਿ ਨਿੱਜੀ ਸਕੂਲਾਂ ‘ਚੋਂ ਵਿਦਿਆਰਥੀ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਕੂਲਾਂ ਦਾ ਦੌਰਾ ਕਰ ਰਹੇ ਹਨ ਅਤੇ ਦਾਖਲਾ ਲੈ ਰਹੇ ਹਨ।
ਤਸਵੀਰ:- ਪ੍ਰਿੰ. ਤੋਤਾ ਸਿੰਘ ਚਹਿਲ, ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਮਾਪਿਆਂ ਨੂੰ ਸਕੂਲ ‘ਚ ਸਥਾਪਤ ਸਹੂਲਤਾਂ ਬਾਰੇ ਜਾਣਕਾਰੀ ਦਿੰਦੇ ਹੋਏ।