ਸਿੱਖਿਆ ਸੁਧਾਰ ਮੁਹਿੰਮ ਨਾਲ ਸਰਕਾਰੀ ਸਕੂਲਾਂ ਵਿੱਚ ਰਿਕਾਰਡ ਦਰ ਨਾਲ ਦਾਖਲਾ ਵਧਿਆ: ਸਿੱਖਿਆ ਸਕੱਤਰ

punjab school education board

ਪਟਿਆਲਾ ਜਿਲ੍ਹੇ ਦੇ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਤੇ ਅਧਿਆਪਕਾਂ ਨਾਲ ਕੀਤੀ ਆਨਲਾਈਨ ਮੀਟਿੰਗ ਦਾਖਲਿਆਂ ਦੇ ਮਾਮਲੇ ‘ਚ ਪੰਜਾਬ ਦੇਸ਼ ਭਰ ‘ਚੋਂ ਮੋਹਰੀ
ਪਟਿਆਲਾ,3 ਅਕਤੂਬਰ:
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਤੇ ਗੁਣਾਤਮਿਕ ਸਿੱਖਿਆ ਦੇਣ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਚਲਾਈ ਗਈ ਸਿੱਖਿਆ ਸੁਧਾਰ ਮੁਹਿੰਮ ਦੇ ਸ਼ਾਨਦਾਰ ਨਤੀਜਿਆਂ ਕਾਰਨ ਰਾਜ ਦੇ ਸਰਕਾਰੀ ਸਕੂਲਾਂ ਦੇ ਦਾਖ਼ਲਿਆਂ ਵਿੱਚ ਪਿਛਲੇ ਸਾਲ ਨਾਲੋਂ 15 ਫੀਸਦੀ ਰਿਕਾਰਡ ਵਾਧਾ ਹੋਇਆ ਹੈ ਜਦੋਂ ਕਿ ਦੇਸ਼ ਦੇ ਬਹੁਤ ਸਾਰੇ ਹੋਰਨਾਂ ਰਾਜਾਂ ਦੇ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਘਟਣ ਤੋਂ ਚਿੰਤਤ ਹਨ। ਇਸ ਗੱਲ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਨੇ ਅੱਜ ਪਟਿਆਲਾ ਜਿਲ੍ਹੇ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਦੀ ਇੱਕ ਵਰਚੂਅਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਸਿੱਖਿਆ ਸੁਧਾਰ ਮੁਹਿੰਮ ਦੇ ਸਾਕਾਰਾਤਮਕ ਨਤੀਜੇ ਪਿਛਲੇ ਅਤੇ ਇਸ ਸਾਲ ਸਰਕਾਰੀ ਸਕੂਲਾਂ ਵਿੱਚ ਹੋਏ ਵੱਧ ਦਾਖਲਿਆਂ ਤੋਂ ਮਿਲੇ ਹਨ। ਉਹਨਾਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਇੱਕ ਰਾਸ਼ਟਰ ਪੱਧਰੀ ਮੀਟਿੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿੱਥੇ ਬਹੁਤ ਸਾਰੇ ਪ੍ਰਾਂਤ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਘਟਦੀ ਗਿਣਤੀ ਦੀ ਗੱਲ ਕਰ ਰਹੇ ਸਨ ਪਰ ਪੰਜਾਬ ਦੀ ਗੱਲ ਸੁਣ ਕੇ ਸਾਰੇ ਹੈਰਾਨ ਸਨ ਕਿ ਇੱਥੇ ਸੈਸ਼ਨ 2020-21 ਵਿੱਚ ਪੰਦਰਾਂ ਫ਼ੀਸਦੀ ਦੇ ਕਰੀਬ ਦਾਖ਼ਲੇ ਵਧੇ ਹਨ।
ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਕੋਈ ਇੱਕ ਕਾਰਨ ਨਹੀਂ ਸਗੋਂ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਮਿਸ਼ਨ ਸ਼ਤ-ਪ੍ਰਤੀਸ਼ਤ, ਈ-ਕੰਟੈਂਟ ਦੀ ਸਹਾਇਤਾ ਨਾਲ ਪੜ੍ਹਾਈ, ਸਮਾਰਟ ਕਲਾਸਰੂਮ, ਸਮਾਰਟ ਸਕੂਲ ਮੁਹਿੰਮ, ਦਾਖ਼ਲਾ ਮੁਹਿੰਮ ਈਚ-ਵਨ ਬਰਿੰਗ ਵਨ, ਸਕੂਲਾਂ ਦੀ ਇਮਾਰਤਾਂ ਨੂੰ ਸਿੱਖਣ-ਸਿਖਾਉਣ ਸਮੱਗਰੀ ਵੱਜੋਂ ਵਿਕਸਿਤ ਕਰਨਾ, ਪੁਸਤਕ ਲੰਗਰ ਮਹਿੰਮ, ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ, ਆਨ-ਲਾਈਨ ਸਿੱਖਿਆ, ਮਾਪੇ-ਅਧਿਆਪਕ ਮਿਲਣੀਆਂ, ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਆਦਿ ਵਿੱਚ ਮਹੱਤਵਪੂਰਨ ਯੋਗਦਾਨ ਹੋਣ ਕਾਰਨ ਬੱਚਿਆਂ ਦੇ ਮਾਪਿਆਂ ਦਾ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ਼ ਵਧਿਆ ਹੈ।
ਉਕਤ ਆਨ-ਲਾਈਨ ਮੀਟਿੰਗ ਵਿੱਚ ਵੱਖ-ਵੱਖ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨਾਲ ਪੰਜਾਬ ਪ੍ਰਾਪਤੀ ਸਰਵੇਖਣ 2020 ਦੇ ਜਮਾਤ ਅਨੁਸਾਰ ਵਿਸ਼ਲੇਸ਼ਣ ਕਰਨ ਲਈ ਵਿਧੀ ਬਾਰੇ ਵਿਚਾਰ-ਚਰਚਾ ਕੀਤੀ ਗਈ। ਵਿਦਿਆਰਥੀ ਸਿੱਖਣ ਪਰਿਣਾਮਾਂ ਦੇ ਮੁਲਾਂਕਣ ਅਤੇ ਵੱਖ-ਵੱਖ ਇਮਤਿਹਾਨਾਂ ਵਿੱਚ ਹੋਰ ਵੀ ਬਿਹਤਰ ਕਾਰਗੁਜ਼ਾਰੀ ਦੇ ਪਾਉਣ ਇਸ ਲਈ ਪੰਜਾਬ ਪ੍ਰਾਪਤੀ ਸਰਵੇਖਣ ਦੇ ਪਹਿਲੇ ਪੜਾਅ ਦਾ ਜਮਾਤ ਅਨੁਸਾਰ ਮਾਈਕ੍ਰੋ ਵਿਸ਼ਲੇਸ਼ਣ ਕੀਤਾ ਗਿਆ। ਸਕੂਲਾਂ ਵਿੱਚ ਪੰਜਾਬ ਪ੍ਰਾਪਤੀ ਸਰਵੇਖਣ ਦੀ ਸਫ਼ਲਤਾ ਲਈ ‘ਬਡੀ ਮੇਰਾ ਸਿੱਖਿਆ ਸਾਥੀ’ ਹਫਤੇ ਦੇ ਨਤੀਜਿਆਂ ਬਾਰੇ ਵੀ ਚਰਚਾ ਹੋਈ। ਇਸਦੇ ਨਾਲ ਹੀ ਸਕੂਲੀ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਵਧਾਉਣ ਲਈ ‘ਸਵਾਗਤ ਜ਼ਿੰਦਗੀ’ ਵਿਸ਼ੇ ਨੂੰ ਲਾਗੂ ਕਰਨ, ਸਮਾਰਟ ਸਕੂਲਾਂ ਦੀ ਪ੍ਰਗਤੀ ਲਈ ਸਕੂਲ ਮੁਖੀਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਇਸਦੇ ਨਾਲ ਹੀ ਵਿਭਾਗ ਵੱਲੋਂ ਤਿਆਰ ਕੀਤੇ ਗਏ ‘ਯੋਗਦਾਨ’ ਪੋਰਟਲ ਬਾਰੇ ਵੀ ਦੱਸਿਆ ਗਿਆ ਜਿਸਦਾ ਉਦੇਸ਼ ਦਸਵੰਧ ਦੇਣ ਵਾਲੇ ਦਾਨੀ ਸੱਜਣਾਂ ਨੂੰ ਸਰਕਾਰੀ ਸਕੂਲਾਂ ਨਾਲ ਸਿੱਧਾ ਜੋੜਣਾ ਹੈ।
ਇਸ ਮੌਕੇ ਸਹਾਇਕ ਨਿਰਦੇਸ਼ਕਾ ਸੁਰੇਖਾ ਠਾਕੁਰ ਤੇ ਸਲਿੰਦਰ ਸਿੰਘ, ਡਾ. ਦਵਿੰਦਰ ਬੋਹਾ, ਜਿਲ੍ਹਾ ਸਿੱਖਿਆ ਅਫਸਰ (ਸੈ.) ਪਟਿਆਲਾ ਹਰਿੰਦਰ ਕੌਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਪਟਿਆਲਾ ਇੰਜੀ. ਅਮਰਜੀਤ ਸਿੰਘ ਸਮੇਤ ਜਿਲ੍ਹੇ ਦੇ ਸਕੂਲ ਮੁਖੀ ਤੇ ਅਧਿਆਪਕ ਸ਼ਾਮਲ ਸਨ।