ਸੇਵਾ, ਤਿਆਗ ਅਤੇ ਪ੍ਰੇਮ ਦੀ ਮੂਰਤ ਸਨ ਮਹਾਸ਼ਾ ਗੋਕਲ ਚੰਦ – ਤ੍ਰਿਪਤ ਬਾਜਵਾ

ਬਟਾਲਾ ਸ਼ਹਿਰ ਵਿੱਚ ਮਹਾਸ਼ਾ ਗੋਕਲ ਚੰਦ ਜੀ ਦੀ ਯਾਦ ਵਿੱਚ ਢੁੱਕਵੀਂ ਯਾਦਗਾਰ ਕਾਇਮ ਕੀਤੀ ਜਾਵੇਗੀ – ਬਾਜਵਾ
ਪੰਜਾਬ ਸਰਕਾਰ ਵੱਲੋਂ ਪਦਮ ਵਿਭੂਸ਼ਣ ਐਵਾਰਡ ਲਈ ਮਹਾਸ਼ਾ ਜੀ ਦੇ ਨਾਮ ਦੀ ਕੇਂਦਰ ਸਰਕਾਰ ਨੂੰ ਕੀਤੀ ਜਾਵੇਗੀ ਸਿਫ਼ਾਰਸ਼
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਗਊਸ਼ਾਲਾ ਨੂੰ 25 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ
ਬਟਾਲਾ, 27 ਮਈ 2021 ਮਹਾਸ਼ਾ ਗੋਕਲ ਚੰਦ ਜੀ ਸੇਵਾ, ਤਿਆਗ ਅਤੇ ਪ੍ਰੇਮ ਦੀ ਮੂਰਤ ਸਨ ਅਤੇ ਉਨ੍ਹਾਂ ਦਾ ਜੀਵਨ ਹਮੇਸ਼ਾਂ ਲੋਕਾਈ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ। ਇਹ ਪ੍ਰਗਟਾਵਾ ਸੂਬੇ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਮਹਾਸ਼ਾ ਗੋਕਲ ਚੰਦ ਜੀ ਨਮਿੱਤ ਰੱਖੇ ਸ਼ਰਧਾਂਜਲੀ ਸਮਾਗਮ ਦੌਰਾਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤਾ। ਸ. ਬਾਜਵਾ ਨੇ ਕਿਹਾ ਕਿ ਮਹਾਸ਼ਾ ਜੀ ਨੇ ਆਪਣਾ ਸਾਰਾ ਹੀ ਜੀਵਨ ਲੋਕ ਸੇਵਾ ਨੂੰ ਅਰਪਣ ਕਰ ਦਿੱਤਾ ਅਤੇ ਆਖਰੀ ਸਵਾਸ ਤੱਕ ਵੀ ਉਹ ਮਾਨਵਤਾ ਦੀ ਸੇਵਾ ਨਾਲ ਜੁੜੇ ਰਹੇ। ਉਨਾਂ ਕਿਹਾ ਕਿ ਮਹਾਸ਼ਾ ਜੀ ਵਰਗੇ ਸੰਤ ਪੁਰਸ਼ ਸਦੀਆਂ ਬਾਅਦ ਪੈਦਾ ਹੁੰਦੇ ਹਨ ਅਤੇ ਉਨਾਂ ਦੇ ਚਲੇ ਜਾਣ ਨਾਲ ਬਟਾਲਾ ਸ਼ਹਿਰ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸ. ਬਾਜਵਾ ਨੇ ਕਿਹਾ ਕਿ ਉਨਾਂ ਦੇ ਦਿਲ ਵਿੱਚ ਹਮੇਸ਼ਾਂ ਹੀ ਮਹਾਸ਼ਾ ਗੋਕਲ ਚੰਦ ਜੀ ਪ੍ਰਤੀ ਬਹੁਤ ਸ਼ਰਧਾ ਤੇ ਸਤਿਕਾਰ ਰਿਹਾ ਹੈ ਅਤੇ ਉਹ ਹਮੇਸ਼ਾਂ ਲੋਕ ਸੇਵਾ ਕਰਨ ਦੀ ਪ੍ਰੇਰਨਾ ਅਤੇ ਅਗਵਾਈ ਉਨਾਂ ਕੋਲੋਂ ਲੈਂਦੇ ਸਨ। ਉਨਾਂ ਕਿਹਾ ਕਿ ਮਹਾਸ਼ਾ ਗੋਕਲ ਚੰਦ ਜੀ ਵਰਗੇ ਸੰਤ ਪੁਰਸ਼ ਦਾ ਸਾਥ ਅਤੇ ਅਸ਼ੀਰਵਾਦ ਪ੍ਰਾਪਤ ਕਰਕੇ ਉਹ ਆਪਣੇ ਆਪ ਨੂੰ ਵਡਭਾਗੀ ਮੰਨਦੇ ਹਨ।
ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਮਹਾਸ਼ਾ ਗੋਕਲ ਚੰਦ ਜੀ ਦੀ ਢੁਕਵੀਂ ਯਾਦਗਾਰ ਬਣਾਈ ਜਾਵੇਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਉਨ੍ਹਾਂ ਦੀ ਯਾਦ ਹਮੇਸ਼ਾਂ ਤਾਜਾ ਰਹੇ। ਉਨ੍ਹਾਂ ਕਿਹਾ ਕਿ ਮਹਾਸ਼ਾ ਜੀ ਵੱਲੋਂ ਜੀਵਨ ਭਰ ਵਿੱਚ ਜੋ ਸੇਵਾ ਕਾਰਜ ਕੀਤੇ ਗਏ ਹਨ, ਉਹ ਬਹੁਤ ਮਹਾਨ ਹਨ ਅਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਪਦਮ ਵਿਭੂਸ਼ਣ ਐਵਾਰਡ ਲਈ ਮਹਾਸ਼ਾ ਜੀ ਦੇ ਨਾਮ ਦੀ ਸ਼ਿਫ਼ਾਰਸ਼ ਕੀਤੀ ਜਾਵੇਗੀ। ਸ. ਬਾਜਵਾ ਨੇ ਦੈਨਿਕ ਪ੍ਰਾਥਨਾ ਸਭਾ ਵੱਲੋਂ ਚਲਾਈ ਜਾ ਰਹੀ ਗਊਸ਼ਾਲਾ ਨੂੰ 25 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਤੋਂ ਇਲਾਵਾ ਵੀ ਜੋ ਹੋਰ ਮਦਦ ਦੀ ਲੋੜ ਹੋਈ ਉਹ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਐੱਸ.ਐੱਸ.ਐੱਸ. ਬੋਰਡ ਦੇ ਚੇਅਰਮੈਨ ਰਮਨ ਬਹਿਲ, ਲਾਇੰਸ ਕਲੱਬ ਦੇ ਅੰਤਰਰਾਸ਼ਟਰੀ ਆਗੂ ਡਾ. ਨਰੇਸ਼ ਅਗਰਵਾਲ, ਦੈਨਿਕ ਪ੍ਰਥਾਨਾ ਸਭਾ ਦੇ ਪ੍ਰਧਾਨ ਅਸ਼ੋਕ ਅਗਰਵਾਲ, ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਮਾਸਟਰ ਕੁਲਦੀਪ ਰਾਜ ਸ਼ਰਮਾ ਅਤੇ ਹੋਰ ਪਤੰਵਤਿਆਂ ਨੇ ਵੀ ਮਹਾਸ਼ਾ ਗੋਕਲ ਚੰਦ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਨੂੰ ਮਹਾਨ ਆਤਮਾ ਦੱਸਿਆ। ਪ੍ਰਧਾਨ ਨਰੇਸ਼ ਅਗਰਵਾਲ ਨੇ ਦੈਨਿਕ ਪ੍ਰਾਥਨਾ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਦੈਨਕ ਪ੍ਰਾਥਨਾ ਸਭਾ ਮਹਾਸ਼ਾ ਗੋਕਲ ਚੰਦ ਜੀ ਦੇ ਪਾਏ ਪੂਰਨਿਆਂ ’ਤੇ ਚੱਲਦੀ ਹੋਈ ਸੇਵਾ ਦੇ ਕਾਰਜ ਨਿਰੰਤਰ ਜਾਰੀ ਰੱਖੇਗੀ।