ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾ ਮੁਕਾਬਲੇ ਕਰਵਾਏ

ਸੰਜਮਜੀਤ ਕੌਰ ਨੇ ਹਾਸਿਲ ਕੀਤਾ ਪਹਿਲਾ ਸਥਾਨ
ਪਟਿਆਲਾ 2 ਜੂਨ 2021
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਮੁਕਾਬਲਿਆਂ ਦੀ ਲੜੀ ‘ਚ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੀ ਅਗਵਾਈ ‘ਚ ਕਵਿਤਾ ਮੁਕਾਬਲੇ ਕਰਵਾਏ ਗਏ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਖ਼ਸੀਅਤ, ਬਾਣੀ, ਫ਼ਿਲਾਸਫ਼ੀ, ਕੁਰਬਾਨੀ ਤੇ ਸਿੱਖਿਆਵਾਂ ‘ਤੇ ਅਧਾਰਿਤ ਆਨਲਾਈਨ ਕਰਵਾਏ ਗਏ ਕਵਿਤਾ ਮੁਕਾਬਲਿਆਂ ‘ਚ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਹਿੱਸਾ ਲਿਆ। ਲੈਕਚਰਾਰ ਡਾ. ਅਮਰਜੀਤ ਕੌਂਕੇ ਦੀ ਦੇਖ-ਰੇਖ ‘ਚ ਕਰਵਾਏ ਗਏ ਕਵਿਤਾ ਮੁਕਾਬਲਿਆਂ ‘ਚ ਸੰਜਮਜੀਤ ਕੌਰ ਸਪੁੱਤਰੀ ਗੁਰਚਰਨ ਸਿੰਘ ਤੇ ਪਰਮਜੀਤ ਕੌਰ ਪਹਿਲੇ, ਕਿਰਨ ਦੂਸਰੇ, ਜੈਸਮੀਨ ਕੌਰ ਤੇ ਸ਼ਰਨਦੀਪ ਸਿੰਘ ਤੀਸਰੇ ਸਥਾਨ ‘ਤੇ ਰਹੇ। ਇਸ ਤੋਂ ਇਲਾਵਾ ਰਮਨਪ੍ਰੀਤ ਕੌਰ, ਕਾਜਲ ਤੇ ਰਣਜੀਤ ਸਿੰਘ ਨੇ ਵੀ ਵਧੀਆ ਕਾਰਗੁਜ਼ਾਰੀ ਦਿਖਾਈ। ਪ੍ਰਿੰ. ਤੋਤਾ ਸਿੰਘ ਚਹਿਲ ਨੇ ਕਿਹਾ ਕਿ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ, ਬਾਣੀ ਤੇ ਸ਼ਖ਼ਸੀਅਤ ਨੂੰ ਪ੍ਰੇਰਨਾ ਸਰੋਤ ਬਣਾਉਣ ਤੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ, ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ ਕਰਵਾਉਣ ਬਹੁਤ ਵੱਡਾ ਉੱਦਮ ਹੈ। ਜਿਸ ਲਈ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਧਾਈ ਦੇ ਪਾਤਰ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਅੱਗੇ ਹੋਣ ਵਾਲੇ ਮੁਕਾਬਲਿਆਂ ‘ਚ ਵੀ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਵੱਡੀ ਗਿਣਤੀ ‘ਚ ਹਿੱਸਾ ਲੈਣਗੇ ਅਤੇ ਅਧਿਆਪਕ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਸਕੂਲ ਖੁੱਲ੍ਹਣ ‘ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਕਵਿਤਾ ਮੁਕਾਬਲਿਆਂ ‘ਚੋਂ ਅੱਵਲ ਰਹੀ ਸੰਜਮਜੀਤ ਕੌਰ।