ਪਟਿਆਲਾ, 21 ਮਈ, 2021:
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਪ੍ਰੋ. ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਦੇ ਸਹਿਯੋਗ ਨਾਲ ‘ਗੁਰੂ ਤੇਗ਼ ਬਹਾਦਰ ਜੀ : ਸ਼ਹਾਦਤ ਅਤੇ ਸੰਦੇਸ਼’ ਵਿਸ਼ੇ ਉਤੇ ਇਕ-ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਸਵੇਰੇ 11 ਵਜੇ ਸ਼ੁਰੂ ਹੋਏ ਉਦਘਾਟਨੀ ਸੈਸ਼ਨ ਵਿਚ ਪ੍ਰੋ. ਜਸਪ੍ਰੀਤ ਕੌਰ ਸੰਧੂ ਨੇ ਵੈਬੀਨਾਰ ਨਾਲ ਜੁੜੀਆਂ ਸ਼ਖ਼ਸੀਅਤਾਂ, ਵਿਦਵਾਨਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨ ਅਕਾਦਿਮਕ ਮਾਮਲੇ ਪ੍ਰੋ. ਬਲਬੀਰ ਸਿੰਘ ਸੰਧੂ ਦੇ ਉਦਘਾਟਨੀ ਭਾਸ਼ਣ ਨਾਲ ਇਸ ਵੈਬੀਨਾਰ ਦੀ ਆਰੰਭਤਾ ਹੋਈ, ਜਿਨ੍ਹਾਂ ਨੇ ਗੁਰੂ ਜੀ ਦੇ ਪਰ-ਉਪਕਾਰੀ ਜੀਵਨ ਤੋਂ ਸੇਧ ਲੈ ਕੇ ਮਨੁੱਖਾ ਜੀਵਨ ਦੀ ਘਾੜਤ ਕਰਨ ਵੱਲ ਵਿਸ਼ੇਸ਼ ਧਿਆਨ ਦਿਵਾਇਆ। ਇਨ੍ਹਾਂ ਨੇ ਗੁਰੂ ਜੀ ਦੇ ਜੀਵਨ, ਯਾਤਰਾਵਾਂ ਅਤੇ ਸ਼ਹਾਦਤ ਰਾਹੀਂ ਸਾਹਮਣੇ ਆਏ ਗੁਰੂ ਜੀ ਦੇ ਸੰਦੇਸ਼ ਨੂੰ ਸਮਝਣ-ਸਮਝਾਉਣ ਲਈ ਪ੍ਰੇਰਿਤ ਕੀਤਾ।
ਡਾ. ਕੁਲਵਿੰਦਰ ਸਿੰਘ ਬਾਜਵਾ ਨੇ ਇਸ ਵੈਬੀਨਾਰ ਵਿਚ ਕੁੰਜੀਵਤ ਭਾਸ਼ਣ ਦਿੰਦਿਆਂ ਗੁਰੂ ਤੇਗ਼ ਬਹਾਦਰ ਜੀ ਸਮੁੱਚੇ ਜੀਵਨ ਦੀ ਲੜੀਵਾਰ ਵਿਚਾਰ ਕਰਦਿਆਂ ਕਈ ਅਹਿਮ ਨੁਕਤਿਆਂ ਵਲ ਧਿਆਨ ਖਿਚਿਆ ਅਤੇ ਉਨ੍ਹਾਂ ਉਪਰ ਹੋਰ ਖੋਜ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ। ਡਾ. ਦਿਲਵਰ ਸਿੰਘ ਅਤੇ ਕਲਕੱਤਾ ਤੋਂ ਸ. ਜਗਮੋਹਨ ਸਿੰਘ ਗਿੱਲ ਨੇ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਬਾਣੀ ਅਤੇ ਸ਼ਹਾਦਤ ਵਿਚੋਂ ਸਾਹਮਣੇ ਆਏ ਸੰਦੇਸ਼ ਦੇ ਵਿਭਿੰਨ ਪਹਿਲੂਆਂ ਨੂੰ ਬਾਖ਼ੂਬੀ ਉਜਾਗਰ ਕੀਤਾ।
ਪ੍ਰੋਫੈਸਰ ਧਰਮ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਰਾਹੀਂ ਵਿਦਵਾਨਾਂ ਦੁਆਰਾ ਸਾਂਝੇ ਕੀਤੇ ਵਿਚਾਰਾਂ ‘ਤੇ ਭਾਵ-ਪੂਰਤ ਟਿਪਣੀਆਂ ਕਰਦੇ ਹੋਏ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਧਰਮ ਨਿਰਪੱਖ ਅਤੇ ਅਧਿਆਤਮਕ ਜੀਵਨ ਬਸਰ ਕਰਨ ‘ਤੇ ਵਧੇਰੇ ਜ਼ੋਰ ਦਿਤਾ ਹੈ। ਧਰਮ ਦੀ ਭਾਵਨਾ ਧਰਮ ਗ੍ਰੰਥਾਂ ਦੇ ਅਧਿਐਨ ਅਤੇ ਇਨ੍ਹਾਂ ਦੀਆਂ ਸਿੱਖਿਆਵਾਂ ਨੂੰ ਧਾਰਨ ਕਰਨ ਨਾਲ ਪੈਦਾ ਹੁੰਦੀ ਹੈ ਜਿਸ ਦੇ ਵਿਚੋਂ ਨਿਰਭਉ, ਨਿਰਵੈਰ ਅਤੇ ਸਵੈਮਾਣ ਵਾਲੇ ਆਦਰਸ਼ ਜੀਵਨ ਵਾਲੀ ਜੀਵਨ-ਜਾਚ ਸਾਹਮਣੇ ਆਉਂਦੀ ਹੈ।
ਡਾ. ਪਰਮਵੀਰ ਸਿੰਘ, ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ ਨੇ ਇਸ ਪ੍ਰੋਗਰਾਮ ਨੂੰ ਜਿਥੇ ਸੁੱਚਜੇ ਢੰਗ ਨਾਲ ਚਲਾਇਆ ਉਥੇ ਵੱਖ-ਵੱਖ ਥਾਵਾਂ ਉਪਰ ਵੱਸ ਰਹੇ ਸ਼ਰਧਾਲੂ-ਸਿੱਖਾਂ ਦੀ ਗੁਰੂ ਜੀ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਬਾਰੇ ਵੀ ਸ਼੍ਰੋਤਿਆਂ ਨੂੰ ਗਿਆਤ ਕਰਵਾਇਆ। ਅੰਤ ਵਿਚ ਡਾ. ਕੁਲਵਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿਚ ਦੇਹਰਾਦੂਨ ਦੀ ਸੰਗਤ ਤੋਂ ਇਲਾਵਾ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ, ਖੋਜਾਰਥੀਆਂ ਤੇ ਵਿਦਿਆਰਥੀਆਂ ਨੇ ਭਾਗ ਲਿਆ। ਬੀਬੀ ਕਿਰਨਜੋਤ ਕੌਰ, ਸ. ਅਮਰਜੀਤ ਸਿੰਘ ਭਾਟੀਆ, ਡਾ. ਦਿਨੇਸ਼ ਚਮੋਲਾ, ਡਾ. ਦਲਜੀਤ ਕੌਰ, ਡਾ. ਅਮਰਜੀਤ ਕੌਰ ਕਰੀਰ, ਦਵਿੰਦਰ ਸਿੰਘ ਬਿੰਦਰਾ, ਡਾ. ਜਮਸ਼ੀਦ ਅਲੀ ਖ਼ਾਨ, ਡਾ. ਗੁਰਵੀਰ ਸਿੰਘ, ਡਾ. ਅਮਰ ਸਿੰਘ, ਡਾ. ਦਲਜੀਤ ਸਿੰਘ, ਡਾ. ਹਰਜੀਤ ਸਿੰਘ, ਡਾ. ਜਸਵੰਤ ਸਿੰਘ, ਡਾ. ਹਰਦੇਵ ਸਿੰਘ, ਡਾ. ਪਲਵਿੰਦਰ ਕੌਰ ਆਦਿ ਸੂਝਵਾਨ ਅਤੇ ਵਿਦਵਾਨ ਸ਼ਖ਼ਸੀਅਤਾਂ ਇਸ ਵੈਬੀਨਾਰ ਵਿਚ ਸ਼ਾਮਿਲ ਹੋਈਆਂ।

English






