ਹਰੇਕ ਐਤਵਾਰ ਕੋਵਿਡ ਟੀਕੇ ਦੀ ਦੂਜੀ ਡੋਜ ਲਗਾਈ ਜਾਵੇਗੀ: ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

GURINDERBIR KAUR
ਵੈਕਸੀਨ ਦੀ ਦੂਜੀ ਡੋਜ ਸਮੇਂ ਸਿਰ ਲਗਵਾਉਣ 'ਤੇ ਹੀ ਕੋਵਿਡ-19 ਵਿਰੁੱਧ ਬਣੇਗੀ ਪੂਰੀ ਇਮਿਊਨਿਟੀ : ਡਾ. ਗੁਰਿੰਦਰਬੀਰ ਕੌਰ

ਕੋਵਿਡ ਵਿਰੁੱਧ ਟੀਕਾਕਰਨ ‘ਚ 405733 ਖੁਰਾਕਾਂ ਲਗਾਈਆਂ ਗਈਆਂ
ਨਵਾਂਸ਼ਹਿਰ, 07 ਸਤੰਬਰ 2021 ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹੁਣ ਹਰ ਐਤਵਾਰ ਕੋਵਿਡ ਟੀਕੇ ਦੀ ਦੂਜੀ ਖੁਰਾਕ ਲਗਾਈ ਜਾਵੇਗੀ। ਇਸ ਤੋਂ ਇਲਾਵਾ ਸੋਮਵਾਰ ਤੋਂ ਸ਼ਨਿੱਚਰਵਾਰ ਪਹਿਲੀ ਤੇ ਦੂਜੀ ਦੋਵੇਂ ਖੁਰਾਕਾਂ ਲੱਗਣਗੀਆਂ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਬਚਾਅ ਲਈ ਪੂਰੀ ਰੋਗ ਪ੍ਰਤੀਰੋਧਕ ਸ਼ਕਤੀ ਬਣਾਉਣ ਲਈ ਟੀਕੇ ਦੀ ਦੂਜੀ ਡੋਜ ਸਮੇਂ ਸਿਰ ਲਗਾਉਣੀ ਜ਼ਰੂਰੀ ਹੈ। ਕੋਵੀਸ਼ੀਲਡ ਵੈਕਸ਼ੀਨ ਦੀ ਦੂਜੀ ਡੋਜ 84 ਦਿਨ ਬਾਅਦ ਅਤੇ ਕੋਵੈਕਸੀਨ ਦੀ ਦੂਜੀ ਡੋਜ 28 ਦਿਨ ਬਾਅਦ ਲਗਾਈ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਣ ਲਈ 18 ਸਾਲ ਤੋਂ ਵੱਧ ਉਮਰ ਦੇ ਯੋਗ ਵਿਅਕਤੀ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ ਅਤੇ ਜਿਨ੍ਹਾਂ ਦੇ ਪਹਿਲਾ ਟੀਕਾ ਲੱਗਾ ਹੈ, ਉਹ ਹਰ ਐਤਵਾਰ ਸਿਹਤ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪਾਂ ਵਿਚ ਦੂਜਾ ਟੀਕਾ ਜ਼ਰੂਰ ਲਗਵਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੀ ਕੋਵਿਡ ਰੋਕੂ ਟੀਕਾਕਰਨ ਅਧੀਨ ਜ਼ਿਲ੍ਹੇ ਵਿਚ 405733 ਖੁਰਾਕਾਂ ਲਗਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਯੋਗ ਵਿਅਕਤੀ ਆਪਣੇ ਨੇੜਲੇ ਕੇਂਦਰਾਂ ਉੱਤੇ ਟੀਕਾ ਲਗਵਾ ਸਕਦੇ ਹਨ ਅਤੇ ਇਹ ਟੀਕਾ ਪੂਰੀ ਤਰਾਂ ਸੁਰੱਖਿਅਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਨਾਲ ਮੂੰਹ ਢੱਕ ਕੇ ਰੱਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਦੋ ਗਜ ਦਾ ਫ਼ਾਸਲਾ ਰੱਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਜੇਕਰ ਕਿਸੇ ਨੂੰ ਕੋਵਿਡ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਆਪਣਾ ਤੁਰੰਤ ਟੈਸਟ ਕਰਵਾਉਣ।