ਹਾਕਸ ਕਲਬ ਰੂਪਨਗਰ ਨੇ 46ਵਾਂ ਜੀ.ਐਸ. ਬੈਂਸ ਲਿਬਲਰਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਜਿੱਤਿਆ

46th GS Bans Liberators All India Hockey Tournament
ਹਾਕਸ ਕਲਬ ਰੂਪਨਗਰ ਨੇ 46ਵਾਂ ਜੀ.ਐਸ. ਬੈਂਸ ਲਿਬਲਰਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਜਿੱਤਿਆ

ਰੂਪਨਗਰ, 26 ਦਸੰਬਰ 2023

ਰਿਆਸਤੀ ਸ਼ਹਿਰ ਨਾਭਾ ਵਿੱਚ ਖੇਡੇ 46ਵੇਂ ਜੀ.ਐਸ.ਬੈਂਸ ਲਿਬਲਰਜ਼ ਆਲ ਇੰਡੀਆਂ ਹਾਕੀ ਟੂਰਨਾਮੈਂਟ ਨੂੰ ਹਾਕਸ ਕਲੱਬ ਰੂਪਨਗਰ ਨੇ ਪਹਿਲੀ ਬਾਰ ਜਿੱਤ ਕੇ ਪੰਜਾਬ ਦੀ ਸਬ ਤੋਂ ਪੁਰਾਣੀ ਅਤੇ ਸ਼ਾਨਦਾਰ ਲਿਬਲਰਜ਼ ਟਰਾਫੀ ਨੂੰ ਹਾਸਲ ਕੀਤਾ।ਇਸ ਟੂਰਨਾਮੈਂਟ ਦਾ ਉਦਘਾਟਨ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਸ. ਚੇਤਨ ਸਿੰਘ ਜੋੜੇਮਾਜਰਾ ਵੱਲੋ ਕੀਤਾ ਗਿਆ। ਹਾਕਸ ਰੂਪਨਗਰ ਦੀ ਟੀਮ ਜੋ ਕਿ ਅੰਤਰਰਾਸਟਰੀ ਖਿਡਾਰੀ ਹਰਜੀਤ ਸਿੰਘ ਤੁਲੀ ਦੀ ਕਪਤਾਨੀ ਹੇਠ ਖੇਡ ਰਹੀ ਸੀ ਨੇ ਪੂਰੇ ਟੂਰਨਾਮੈਂਟ ਦੋਰਾਨ ਬਹੁਤ ਹੀ ਖੁਬਸੂਰਤ ਖੇਡ ਦਾ ਪ੍ਰਗਟਾਵਾ ਕਰਦੇ ਹੋਏ ਜਿਥੇ ਖੇਡ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕੀਤਾ ਉੱਥੇ ਟੁਰਨਾਮੈਂਟ ਦੇ ਕੱਪ ਨੂੰ ਅਪਨੇ ਨਾਮ ਕਰਦੇ ਹੋਏ ਹਾਕਸ ਕਲੱਬ ਅਤੇ ਜਿਲ੍ਹਾ ਰੂਪਨਗਰ ਦਾ ਨਾਮ ਰੋਸ਼ਨ ਕੀਤਾ।

ਹਾਕਸ ਕਲੱਬ ਦੀ ਟੀਮ ਵੱਲੋਂ ਇਸ ਟੂਰਨਾਮੈਂਟ ਦੋਰਾਨ ਬਹੁਤ ਖੁਬਸੂਰਤ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਮੈਚ ਵਿੱਚ ਜਰਖੜ ਅਕੈਡਮੀ ਦੀ ਟੀਮ ਨੂੰ 4-2 ਗੋਲਾਂ ਦੇ ਅੰਤਰ ਨਾਲ ਹਰਾ ਕੇ ਅਤੇ ਦੂਜੇ ਦੋਰ ਵਿੱਚ ਏ.ਐਸ.ਸੀ ਜਲੰਧਰ ਨੂੰ 5-0 ਦੇ ਇਕਤਰਫਾ ਮੈਚ ਨੂੰ ਜਿੱਤ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਹਾਕਸ ਕਲੱਬ ਦੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਈ.ਐਮ.ਈ ਜਲੰਧਰ ਨੂੰ 5-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

46ਵੇਂ ਲਿਬਲਰਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਖੇਡੇ ਪਹਿਲੇ ਸੈਮੀਫਾਈਨਲ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਸਜੀ ਪੰਜਾਬ ਪੁਲਿਸ ਦੀ ਟੀਮ ਨੂੰ ਬਹੁਤ ਹੀ ਫਸਵੇਂ ਮੁਕਾਬਲੇ ਵਿੱਚ ਪੈਨਲਟੀ ਸੂਟ ਆਊਟ ਰਾਹੀਂ 6-4 ਗੋਲਾਂ ਦੇ ਅੰਤਰ ਨਾਲ ਹਰਾ ਕੇ ਪਹਿਲੀ ਬਾਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਹਾਕਸ ਕਲੱਬ ਦੀ ਟੀਮ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਜੋ ਕਿ ਪਿਛਲੇ ਸਾਲ ਦੀ ਜੇਤੂ ਟੀਮ ਸੀ ਨੂੰ ਪੈਨਲਟੀ ਸੂਟਆਉਟ ਦੇ ਜਰਿਏ 5-2 ਗੋਲਾਂ ਦੇ ਅੰਤਰ ਰਾਹੀਂ ਹਰਾ ਕੇ ਲਗਾਤਾਰ 5 ਮੈਚ ਜਿੱਤਣ ਉਪਰੰਤ ਲਿਬਲਰਜ਼ ਟਰਾਫੀ ਹਾਸਲ ਕੀਤੀ। ਟੂਰਨਾਮੈਂਟ ਦੇ ਫਾਈਨਲ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਵੱਲੋ ਬਤੋਰ ਮੁੱਖ ਮਹਿਮਾਨ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ।

ਉਹਨਾਂ ਵੱਲੋ ਹਾਕਸ ਕਲੱਬ ਦੀ ਜੇਤੂ ਟੀਮ ਨੂੰ ਲਿਬਲਰਜ਼ ਟਰਾਫੀ ਦੇ ਨਾਲ ਨਾਲ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਇਸ ਟੂਰਨਾਮੈਂਟ ਵਿੱਚ ਹਾਕਸ ਕਲੱਬ ਦੇ ਖਿਡਾਰੀ ਨਵਜੋਤ ਸਿੰਘ, ਜੋ ਕਿ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਬੈਸਟ ਪਲੇਅਰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ ਰੂਪਨਗਰ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਅਤੇ ਐਸ.ਪੀ. ਹੈੱਡ ਕੁਆਰਟਰ ਹਾਕੀ ਉਲਪੀਅਨ ਸ. ਰਾਜਪਾਲ ਸਿੰਘ ਹੁੰਦਲ ਰੂਪਨਗਰ ਵੱਲੋ ਵੀ ਹਾਕਸ ਕਲੱਬ ਦੀ ਇਸ ਪ੍ਰਾਪਤੀ ਤੋਂ ਰੂਪਨਗਰ ਦੇ ਸਮੂਹ ਖੇਡ ਪ੍ਰੇਮੀਆਂ ਨੂੰ ਵਧਾਈ ਦਿੱਤੀ ਅਤੇ ਹਾਕਸ ਕਲੱਬ ਵੱਲੋ ਲਗਾਤਾਰ ਖੇਡਾਂ ਨੂੰ ਉੱਚਾ ਚੁਕਣ ਵਿੱਚ ਕੀਤੇ ਜਾ ਰਹੇ ਯਤਨਾਂ ਕਾਰਨ ਸਮੂਹ ਹਾਕਸ ਟੀਮ ਨੂੰ ਮੁਬਾਰਕਬਾਦ ਦਿੱਤੀ।

ਹਾਕਸ ਕਲੱਬ ਵੱਲੋਂ ਲਿਬਲਰਜ਼ ਟੂਰਨਾਮੈਂਟ ਜਿੱਤਣ ਕਾਰਨ ਜਿਲ੍ਹਾ ਰੂਪਨਗਰ ਅਧੀਨ ਪੈਂਦੇ ਸਮੂਹ ਖੇਡ ਪ੍ਰੇਮੀਆਂ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ। ਹਾਕਸ ਕਲੱਬ ਦੇ ਜਨਰਲ ਸਕੱਤਰ ਸ. ਐਸ.ਐਸ. ਸੈਣੀ ਵੱਲੋਂ ਦੱਸਿਆ ਗਿਆ ਕਿ ਇਹ ਜਿੱਤ ਸਮੂਹ ਖੇਡ ਪ੍ਰੇਮੀਆਂ ਦੀ ਹੈ ਜੋ ਕਿ ਹਮੇਸ਼ਾ ਹਾਕਸ ਕਲੱਬ ਰੂਪਨਗਰ ਨਾਲ ਪਿਛਲੇ ਲੰਬੇ ਸਮੇਂ ਤੋ ਜੁੜੇ ਹੋਏ ਹਨ।