ਹੁਸੈਨੀਵਾਲਾ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਭਾਸ਼ਾ ਵਿਭਾਗ ਵੱਲੋਂ ਲਗਾਈ ਜਾਵੇਗੀ ਪੁਸਤਕ ਪ੍ਰਦਰਸ਼ਨੀ
ਫਿਰੋਜ਼ਪੁਰ, 27 ਸਤੰਬਰ:
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ 115ਵੇਂ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਫ਼ਿਰੋਜ਼ਪੁਰ ਦੀ ਅਗਵਾਈ ਵਿੱਚ ਹੁਸੈਨੀਵਾਲਾ ਬਾਰਡਰ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮਾਨਯੋਗ ਮੁੱਖ ਮੰਤਰੀ, ਪੰਜਾਬ ਸਰਕਾਰ ਸ. ਭਗਵੰਤ ਮਾਨ ਅਤੇ ਹੋਰ ਰਾਜਨੀਤਿਕ ਆਗੂ ਪਹੁੰਚ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਨੇ ਦੱਸਿਆ ਕਿ ਇਸ ਮੌਕੇ ’ਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਇੱਕ ਪੁਸਤਕ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਸ ਪ੍ਰਦਰਸ਼ਨੀ ਵਿੱਚ ਕਈ ਨਵ-ਪ੍ਰਕਾਸ਼ਿਤ/ਪੁਨਰ ਪ੍ਰਕਾਸ਼ਿਤ ਪੁਸਤਕਾਂ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਪਾਠਕਾਂ ਵੱਲੋਂ ਹਮੇਸ਼ਾ ਮੰਗ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਸ. ਭਗਤ ਸਿੰਘ ਫਾਂਸੀ ਵੇਲੇ ਆਖ਼ਰੀ ਸਮੇਂ ਜੇਲ੍ਹ ਵਿੱਚ ਲੈਨਿਨ ਦੀ ਕਿਤਾਬ ਪੜ੍ਹ ਰਹੇ ਸਨ। ਇਸ ਲਈ ਸ. ਭਗਤ ਸਿੰਘ ਹਥਿਆਰ ਦੀ ਬਜਾਏ ਵਿਚਾਰ ਦੀ ਸ਼ਕਤੀ ਨੂੰ ਉੱਤਮ ਮੰਨਦੇ ਸਨ। ਮਨੁੱਖ ਨੂੰ ਵਿਚਾਰਧਾਰਕ ਤੌਰ ’ਤੇ ਸ਼ਕਤੀਸ਼ਾਲੀ ਕੇਵਲ ਪੁਸਤਕਾਂ ਹੀ ਬਣਾ ਸਕਦੀਆਂ ਹਨ। ਇਸ ਲਈ ਸ. ਭਗਤ ਸਿੰਘ ਦੇ ਦੱਸੇ ਹੋਏ ਮਾਰਗ ਉੱਤੇ ਚੱਲਦਿਆਂ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਇੱਕ ਪੁਸਤਕ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਸ ਸਮਾਗਮ ਵਿੱਚ ਸ਼ਾਮਲ ਹੋ ਰਹੇ ਲੋਕਾਂ ਨੂੰ ਇਸ ਪ੍ਰਦਰਸ਼ਨੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ’ਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਦਾ ਦਫ਼ਤਰੀ ਸਟਾਫ਼ ਸ. ਦਲਜੀਤ ਸਿੰਘ, ਖੋਜ ਅਫ਼ਸਰ,ਸ਼੍ਰੀ ਰਮਨ ਕੁਮਾਰ, ਸੀਨੀ. ਸਹਾਇਕ, ਸ. ਨਵਦੀਪ ਸਿੰਘ, ਜੂਨੀ. ਸਹਾਇਕ, ਰਵੀ ਕੁਮਾਰ ਹਾਜ਼ਰ ਰਹਿਣਗੇ।

English






