*ਬੈੱਡ ਪਲਾਂਟਿੰਗ ਤਕਨੀਕ ਨਾਲ ਬੀਜਿਆ ਝੋਨਾ
*ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨ ਦੇ ਖੇਤਾਂ ਦਾ ਦੌਰਾ
ਬਰਨਾਲਾ, 23 ਸਤੰਬਰ
ਬੈੱਡ ਪਲਾਂਟਿੰਗ ਤਕਨੀਕ ਨਾਲ ਝੋਨਾ ਬੀਜਣ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਇਹ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਖੇਤਾਂ ਦੇ ਦੌਰੇ ਦੌਰਾਨ ਕੀਤਾ।
ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਕਿਸਾਨ ਜਗਦੀਸ਼ ਸਿੰਘ ਨੇ ਪਹਿਲੀ ਵਾਰ ਬੀਜ ਡਰਿੱਲ ਨਾਲ ਪੂਸਾ 44 ਦੀਆਂ ਕਤਾਰਾਂ ਲਗਾਈਆਂ ਹਨ। ਉਨ੍ਹਾਂ ਦੱਸਿਆ ਕਿ ਬਿਜਾਈ ’ਤੇ ਸਿਰਫ 1000 ਰੁਪਏ ਖਰਚਾ ਆਇਆ ਹੈ, ਜਦੋਂ ਕਿ ਕੱਦੂ ਵਾਲੇ ਝੋਨੇ ’ਤੇ ਪਹਿਲਾਂ ਕੱਦੂ ਕਰਨ ਦਾ ਖਰਚਾ ਅਤੇ ਫਿਰ ਝੋਨੇ ਦੀ ਲਵਾਈ ’ਤੇ ਵੀ ਖਰਚਾ ਆਉਂਦਾ ਹੈ ਅਤੇ ਪਾਣੀ ਦੀ ਬਹੁਤ ਬਚਤ ਹੁੰਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਜਗਦੀਸ਼ ਸਿੰਘ ਨੇ 5 ਜੂਨ ਨੂੰ ਝੋਨਾ ਬੀਜ ਡਰਿੱਲ ਨਾਲ ਬੀਜਿਆ ਸੀ। ਇਸ ਸਮੇਂ ਝੋਨੇ ਦਾ ਕੱਦ 5 ਫੁੱਟ ਤੋਂ ਉੱਪਰ ਹੈ। ਮੁੰਜਰਾਂ ਦੀ ਲੰਬਾਈ ਕੱਦੂ ਵਾਲੇ ਝੋਨੇ ਨਾਲੋਂ ਕਿਤੇ ਜ਼ਿਆਦਾ ਹੈ। ਮੁੰਜਰਾਂ ਦੀ ਗਿਣਤੀ ਵੀ 30-35 ਹੈ, ਜਦਕਿ ਕੱਦੂ ਵਾਲੇ ਝੋਨੇ ਦੀਆਂ ਮੁੰਜਰਾਂ ਵੱਧ ਤੋਂ ਵੱਧ 20-25 ਹਨ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ ਬੀਜੇ ਝੋਨੇ ਦਾ ਝਾੜ 37-38 ਕੁਇੰਟਲ ਤੋਂ ਵੱਧ ਨਿਕਲੇਗਾ।
ਡਾ. ਬਲਦੇਵ ਸਿੰਘ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਕਿਸਾਨ ਨਵੀਆਂ ਤਕਨੀਕਾਂ ਅਪਣਾ ਰਹੇ ਹਨ, ਜਿਨ੍ਹਾਂ ’ਤੇ ਖਰਚਾ ਤਾਂ ਘੱਟ ਆਉਂਦਾ ਹੀ ਹੈ, ਸਗੋਂ ਪਾਣੀ ਦੀ ਬਚਤ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਗਦੀਸ਼ ਸਿੰਘ ਹੋਰਨਾਂ ਕਿਸਾਨਾਂ ਲਈ ਇਕ ਮਿਸਾਲ ਹੈ, ਜਿਹੜੇ ਕਿਸਾਨ ਇਸ ਤਕਨੀਕ ਨੂੰ ਅਪਣਾਉਣਾ ਚਾਹੁੰਦੇ ਹਨ, ਉਹ ਕਿਸਾਨ ਦੇ ਖੇਤ ਵਿੱਚ ਜਾ ਕੇ ਦੇਖ ਸਕਦੇ ਹਨ।

English




