ਜ਼ਹਿਰੀਲੀ ਸ਼ਰਾਬ ਦਾ ਮਾਮਲਾ – ‘ਆਪ’ ਵੱਲੋਂ ਦੂਜੇ ਦਿਨ ਵੀ ਜਾਰੀ ਰਿਹਾ ਐਸਐਸਪੀ ਦਫ਼ਤਰ ਦਾ ਘਿਰਾਓ

aap punjab protest on illegal liquor

-ਵਿਧਾਇਕ ਸੰਧਵਾਂ ਅਤੇ ਬਿਲਾਸਪੁਰ ਦੀ ਅਗਵਾਈ ਹੇਠ ਧਰਨੇ ‘ਚ ਦਿਨ-ਰਾਤ ਡਟੇ ਰਹੇ ‘ਆਪ’ ਦੇ ਵਰਕਰ ਤੇ ਆਗੂ
-ਲੋਕਾਂ ਲਈ ਨਹੀਂ ਸੱਤਾਧਾਰੀਆਂ ਦੇ ਸ਼ਰਾਬ ਮਾਫ਼ੀਆ ਲਈ ਕੰਮ ਕਰਦੀ ਹੈ ਤਰਨਤਾਰਨ ਪੁਲਸ- ਕੁਲਤਾਰ ਸਿੰਘ ਸੰਧਵਾਂ

ਤਰਨਤਾਰਨ, 21 ਅਗਸਤ 2020
ਜ਼ਹਿਰੀਲੀ ਸ਼ਰਾਬ ਦੇ ਕਹਿਰ ਨਾਲ ਪੰਡੋਰੀ ਕਲਾਂ (ਖਡੂਰ ਸਾਹਿਬ) ‘ਚ ਹੋਈਆਂ 2 ਹੋਰ ਮੌਤਾਂ ਦੇ ਵਿਰੋਧ ਅਤੇ ਸ਼ਰਾਬ ਤਸਕਰਾਂ ਸਮੇਤ ਉਨ੍ਹਾਂ ਦੇ ਸੱਤਾਧਾਰੀ ਸਿਆਸੀ ਆਕਾਵਾਂ ਉੱਤੇ ਕਤਲ ਦੇ ਮੁਕੱਦਮੇ ਦਰਜ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਵੱਲੋਂ ਤਰਨਤਾਰਨ ਦੇ ਐਸਐਸਪੀ ਦਫ਼ਤਰ ਮੂਹਰੇ ਵੀਰਵਾਰ ਨੂੰ ਲਗਾਇਆ ਧਰਨਾ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ।
‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਲੱਗੇ ਧਰਨੇ ‘ਚ ਅੱਜ ਪਾਰਟੀ ਦੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਸਮੇਤ ਮਾਝਾ ਦੇ ਪ੍ਰਮੁੱਖ ਆਗੂ ਕੁਲਦੀਪ ਸਿੰਘ ਧਾਲੀਵਾਲ, ਸ਼ੈਰੀ ਕਲਸੀ, ਹਰਭਜਨ ਸਿੰਘ ਈਈਓ, ਹਰਜੀਤ ਸਿੰਘ ਬਾਬਾ ਬਕਾਲਾ, ਦਲਬੀਰ ਸਿੰਘ ਟੌਂਗ, ਰਜਿੰਦਰ ਪਲਾਹ, ਡਾ. ਕਸ਼ਮੀਰ ਸਿੰਘ ਸੋਹਲ, ਹਰਜੀਤ ਸਿੰਘ ਤਰਨਤਾਰਨ, ਰਣਜੀਤ ਸਿੰਘ ਚੀਮਾ, ਲਾਲਜੀਤ ਸਿੰਘ ਭੁੱਲਰ, ਜਸਬੀਰ ਸਿੰਘ ਸੁਰ ਸਿੰਘ, ਮਨਜਿੰਦਰ ਸਿੰਘ ਸਿੱਧੂ, ਪਲਵਿੰਦਰ ਸਿੰਘ ਖ਼ਾਲਸਾ ਆਦਿ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਆਗੂਆਂ ਅਤੇ ਵਰਕਰਾਂ ਨਾਲ ਰਾਤ ਵੀ ਧਰਨਾ ਸਥਾਨ ‘ਤੇ ਹੀ ਕੱਟੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕੁਲਤਾਰ ਸਿੰਘ ਸੰਧਵਾਂ ਨੇ ਐਸਐਸਪੀ ਤਰਨਤਾਰਨ ਦੇ ਰਵੱਈਏ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਜੋ ਜ਼ਿੰਮੇਵਾਰ ਅਧਿਕਾਰੀ ਪੀੜਤ ਲੋਕਾਂ ਦੀ ਗੁਹਾਰ ਸੁਣਨ ਲਈ ਆਪਣੇ ਦਫ਼ਤਰ ਦੇ ਦਰਵਾਜ਼ੇ ਤੱਕ ਨਹੀਂ ਆ ਸਕਦਾ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਦੇ ਪ੍ਰੋਟੋਕੋਲ ਦੀ ਪ੍ਰਵਾਹ ਨਹੀਂ ਕਰਦਾ ਤਾਂ ਸਪਸ਼ਟ ਹੈ ਕਿ ਉਹ ਸ਼ਰਾਬ ਤਸਕਰੀ ‘ਚ ਸ਼ਾਮਲ ਸੱਤਾਧਾਰੀਆਂ ਦੇ ਮੁਕੰਮਲ ਪ੍ਰਭਾਵ ਥੱਲੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਥਾਂ ਨਸ਼ਾ ਅਤੇ ਸ਼ਰਾਬ ਤਸਕਰਾਂ ਲਈ ਕੰਮ ਕਰ ਰਿਹਾ ਹੈ।
ਸੰਧਵਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਤਰਨਤਾਰਨ ਪੁਲਸ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬਿਆਨਾਂ ਮੁਤਾਬਿਕ ਸ਼ਰਾਬ ਤਸਕਰੀ ਦੇ ਦੋਸ਼ੀਆਂ ‘ਤੇ ਕਤਲ ਦੇ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਅੰਦਰ ਸੁੱਟਣ ‘ਚ ਆਨਾਕਾਨੀ ਜਾਰੀ ਰੱਖੀ ਤਾਂ ‘ਆਪ’ ਦਾ ਸੰਘਰਸ਼ ਜਾਰੀ ਰਹੇਗਾ, ਬੇਸ਼ੱਕ ਸਾਰੀ ਪਾਰਟੀ ‘ਤੇ ਪਰਚੇ ਦਰਜ ਕਰ ਦਿੱਤੇ ਜਾਣ।
ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 24 ਘੰਟੇ ਲਗਾਤਾਰ ਧਰਨੇ ਦੇ ਬਾਵਜੂਦ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਤੱਕ ਨਾ ਫੜਨਾ ਪੀੜਤ ਪਰਿਵਾਰਾਂ ਨਾਲ ਵਧੀਕੀ ਅਤੇ ਤਸਕਰਾਂ ਦੀ ਪੁਸ਼ਤ ਪਨਾਹੀ ਹੀ ਤਾਂ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਰਾਜੇ ਦੀ ਤਾਨਾਸ਼ਾਹ ਸਰਕਾਰ ਆਮ ਆਦਮੀ ਪਾਰਟੀ ਅਤੇ ਲੋਕਾਂ ਨੂੰ ਪਰਚਿਆਂ ਨਾਲ ਨਾ ਡਰਾ ਸਕਦੀ ਹੈ ਅਤੇ ਨਾ ਦਬਾ ਸਕਦੀ ਹੈ।