ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਕੀਤੀ ਸ਼ੁਰੂਆਤ
ਨਵਾਂਸ਼ਹਿਰ, 25 ਅਗਸਤ 2021
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਫੈਮਿਲੀ ਕੋਰਟ ਨਵਾਂਸ਼ਹਿਰ ਦੇ ਬਾਹਰ ਪ੍ਰੀ-ਲਿਟੀਗੇਟਿਵ ਮੈਟਰੀਮੋਨੀਅਲ ਡਿਸਪਿਊਟਸ (ਪੂਰਵ ਕਾਨੂੰਨੀ ਵਿਵਾਹਿਕ ਵਿਵਾਦ) ਸਬੰਧੀ ਹੈਲਪ ਡੈਸਕ ਸਥਾਪਿਤ ਕੀਤਾ ਗਿਆ, ਜਿਸ ਦੀ ਸ਼ੁਰੂਆਤ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਵੱਲੋਂ ਕੀਤੀ ਗਈ। ਇਸ ਮੌਕੇ ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਉੁਨਾਂ ਦੱਸਿਆ ਕਿ ਇਹ ਹੈਲਪ ਡੈਸਕ ਵਿਆਹ ਸਬੰਧੀ ਕਿਸੇ ਵੀ ਤਰਾਂ ਦੇ ਵਿਵਾਦਾਂ ਦੇ ਨਿਪਟਾਰੇ ਲਈ ਵਿਸ਼ੇਸ਼ ਭੂਮਿਕਾ ਅਦਾ ਕਰੇਗਾ ਅਤੇ ਮੀਡੀਏਸ਼ਨ ਸੈਂਟਰ ਵਿਚਲੇ ਕੇਸਾਂ ਦਾ ਨਿਪਟਾਰਾ ਕਰਨ ਲਈ ਦੋਵਾਂ ਧਿਰਾਂ ਨੂੰ ਇਥੇ ਭੇਜਿਆ ਜਾ ਸਕੇਗਾ। ਉਨਾਂ ਦੱਸਿਆ ਕਿ ਮੀਡੀਏਸ਼ਨ ਰਾਹੀਂ ਵਿਵਾਹਿਕ ਮਾਮਲਿਆਂ ਨੂੰ ਆਪਸੀ ਸਹਿਮਤੀ ਰਾਹੀਂ ਹੱਲ ਕਰਵਾਇਆ ਜਾਂਦਾ ਹੈ, ਜਿਸ ਨਾਲ ਜਿਥੇ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ, ਉਥੇ ਪਰਿਵਾਰ ਵੀ ਟੁੱਟਣ ਤੋਂ ਬਚ ਜਾਂਦੇ ਹਨ। ਉਨਾਂ ਕਿਹਾ ਕਿ ਇਸ ਤਰਾਂ ਕੇਸ ਫਾਈਲ ਕਰਨ ਤੋਂ ਪਹਿਲਾਂ ਹੀ ਪਰਿਵਾਰਾਂ ਦੇ ਅਜਿਹੇ ਝਗੜਿਆਂ ਦਾ ਮੀਡੀਏਟਰ ਰਾਹੀਂ ਨਿਪਟਾਰਾ ਕੀਤਾ ਜਾ ਸਕੇਗਾ। ਉਨਾਂ ਕਿਹਾ ਕਿ ਅਜਿਹੇ ਵਿਵਾਦਾਂ ਸਬੰਧੀ ਇਸ ਹੈਲਪ ਡੈਸਕ ਵਿਖੇ ਦਰਖ਼ਾਸਤ ਦਿੱਤੀ ਜਾ ਸਕਦੀ ਹੈ ਅਤੇ ਇਸ ਦੀ ਕੋਈ ਕੋਰਟ ਫੀਸ ਵੀ ਨਹੀਂ ਲੱਗਦੀ। ਉਨਾਂ ਜ਼ਿਲਾ ਵਾਸੀਆਂ ਨੂੰ ਵਿਵਾਹਿਕ ਵਿਵਾਦਾਂ ਸਬੰਧੀ ਇਸ ਹੈਲਪ ਡੈਸਕ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ, ਤਾਂ ਜੋ ਉਨਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਹੋ ਸਕੇ।
ਇਸ ਮੌਕੇ ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਤੋਂ ਇਲਾਵਾ ਹੋਰ ਜੁਡੀਸ਼ੀਅਲ ਅਧਿਕਾਰੀ ਰਣਧੀਰ ਵਰਮਾ, ਕੁਲਦੀਪ ਸਿੰਘ ਚੀਮਾ, ਅਸ਼ੋਕ ਕਪੂਰ, ਜਗਬੀਰ ਸਿੰਘ ਮਹਿੰਦੀਰੱਤਾ, ਰਾਧਿਕਾ ਪੁਰੀ, ਸਰਵੇਸ਼ ਸਿੰਘ, ਕਵਿਤਾ, ਸੀਮਾ ਅਗਨੀਹੋਤਰੀ, ਫਰੰਟ ਆਫਿਸ ਕੋਆਰਡੀਨੇਟਰ ਰੋਹਿਤ ਕੁਮਾਰ ਜਾਂਗੜਾ, ਸੀਨੀਅਰ ਸਹਾਇਕ ਤਲਵਿੰਦਰ ਸਿੰਘ, ਨਿਰਮਲ ਸਿੰਘ, ਸਾਗਰ ਘਈ, ਦਿਨੇਸ਼ ਕੁਮਾਰ, ਰਾਜ ਕੁਮਾਰ ਤੇ ਹੋਰ ਹਾਜ਼ਰ ਸਨ।
ਫੋਟੋ :-ਹੈਲਪ ਡੈਸਕ ਦੀ ਸ਼ੁਰੂਆਤ ਕਰਦੇ ਹੋਏ ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ। ਨਾਲ ਹਨ ਸੀ. ਜੇ. ਐਮ ਹਰਪ੍ਰੀਤ ਕੌਰ ਅਤੇ ਹੋਰ ਜੁਡੀਸ਼ੀਅਲ ਅਧਿਕਾਰੀ।
Home ਪੰਜਾਬ ਐਸ.ਬੀ.ਐੱਸ ਨਗਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੂਰਵ ਕਾਨੂੰਨੀ ਵਿਵਾਹਿਕ ਵਿਵਾਦਾਂ ਸਬੰਧੀ ਹੈਲਪ ਡੈਸਕ...

English






