ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਮਿਸ਼ਨ ਫਤਿਹ ਤਹਿਤ ਕੀਤਾ ਗਿਆ ਜਾਗਰੂਕ
ਮਹਿਲ ਕਲਾਂ/ਬਰਨਾਲਾ, 19 ਅਗਸਤ
ਸਿਹਤ ਵਿਭਾਗ ਬਰਨਾਲਾ ਵੱਲੋਂ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਆਪਣੀ ਸੇਵਾਵਾਂ ਲਗਾਤਾਰ ਜਾਰੀ ਹਨ। ਇਨਾਂ ਸੇਵਾਵਾਂ ਨੂੰ ਪੁਖਤਾ ਯਕੀਨੀ ਬਣਾਉਣ ਲਈ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿਂੰਘ ਦੇ ਦਿਸ਼ਾ ਨਿਰਦੇਸ਼ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੇ ਜਾਂਦੇ ਟੀਕਾਕਰਣ ਦੀ ਬਲਾਕ ਪੱਧਰ ’ਤੇ ਚੈਕਿੰਗ ਕੀਤੀ ਗਈ।
ਡਾ. ਭੁਪਿੰਦਰ ਸਿੰਘ ਜ਼ਿਲਾ ਟੀਕਾਕਰਣ ਅਫਸਰ ਬਰਨਾਲਾ ਦੀ ਅਗਵਾਈ ਵਾਲੀ ਟੀਮ ਵੱਲੋਂ ਜਿਸ ਵਿੱਚ ਮਾਸ ਮੀਡੀਆ ਵਿੰਗ ਬਰਨਾਲਾ ਦੇ ਕੁਲਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਅਤੇ ਹਰਜੀਤ ਸਿੰਘ ਬਾਗੀ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਹਾਜ਼ਰ ਸਨ, ਨੇ ਬਲਾਕ ਮਹਿਲ ਕਲਾਂ ਦੇ ਚੰਨਣਵਾਲ ਸਬ ਸੈਂਟਰ ਅਤੇ ਕਮਿਊਨਟੀ ਹੈਲਥ ਸੈਂਟਰ ਵਿਖੇ ਨਵ-ਜੰਮੇ ਬੱਚਿਆਂ ਦੇ ਟੀਕਾਕਰਣ ਸਬੰਧੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਪਾਇਆ ਗਿਆ ਕਿ ਜ਼ੱਚਾ-ਬੱਚਾ ਦਾ ਸਮੇਂ ਸਿਰ ਟੀਕਾਕਰਣ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਮੌਕੇ ’ਤੇ ਮੌਜੂਦ ਲੋਕਾਂ (ਜਿੰਨਾਂ ਵਿੱਚ ਗਰਭਵਤੀ ਮਾਵਾਂ ਅਤੇ ਨਵ-ਜੰਮੇ ਬੱਚੇ) ਨੂੰ ਇਕ ਦੂਜੇ ਵਿਅਕਤੀ ਤੋਂ ਸਮਾਜਿਕ ਦੂਰੀ ਬਣਾਈ ਰੱਖਣ, ਘਰੋਂ ਬਾਹਰ ਜਾਣ ਲੱਗਿਆਂ ਮੂੰਹ ਮਾਸਕ ਨਾਲ ਢਕ ਕੇ ਰੱਖਣ ਅਤੇ ਕੋਈ ਚੀਜ਼ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਧੋਣ ਸਬੰਧੀ ਜਾਗਰੂਕ ਕੀਤਾ ਗਿਆ।

English






