ਜ਼ਿਲਾ ਹਸਪਤਾਲ ਵਿਖੇ ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਬਣੇਗਾ ਅਤਿ-ਆਧੁਨਿਕ ਡਾਇਲਸਿਸ ਯੂਨਿਟ-ਡੀ. ਸੀ

ਡੇਢ ਕਰੋੜ ਦੀ ਲਾਗਤ ਨਾਲ ਬਣਨ ਵਾਲੇ 10 ਬੈੱਡ ਦੇ ਯੂਨਿਟ ਵਿਚ ਹੋਵੇਗਾ ਬਿਲਕੁਲ ਮੁਫ਼ਤ ਇਲਾਜ
ਧੰਨ ਮਾਤਾ ਗੁਜਰੀ ਜੀ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਜਗਰਾਉਂ ਅਤੇ ਜ਼ਿਲਾ ਹਸਪਤਾਲ ਨਵਾਂਸ਼ਹਿਰ ਦਾ ਸਾਂਝਾ ਉਪਰਾਲਾ
ਨਵਾਂਸ਼ਹਿਰ, 29 ਜੂਨ 2021
ਜ਼ਿਲਾ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਕੇ ਦੇ ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਇਕ ਅਤਿ-ਆਧੁਨਿਕ ਡਾਇਲਸਿਸ ਯੂਨਿਟ ਬਣਾਇਆ ਜਾ ਰਿਹਾ ਹੈ। ਧੰਨ ਮਾਤਾ ਗੁਜਰੀ ਜੀ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ, ਜਗਰਾਉਂ ਅਤੇ ਜ਼ਿਲਾ ਹਸਪਤਾਲ ਦੇ ਸਾਂਝੇ ਉੱਦਮ ਤਹਿਤ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 10 ਬੈੱਡ ਦੇ ਇਸ ਡਾਇਲਸਿਸ ਯੂਨਿਟ ਵਿਚ ਮਰੀਜ਼ਾਂ ਦਾ ਬਿਲਕੁਲ ਮੁਫ਼ਤ ਡਾਇਲਸਿਸ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਧੰਨ ਮਾਤਾ ਗੁਜਰੀ ਟਰੱਸਟ ਜਗਰਾਉਂ ਅਤੇ ਜ਼ਿਲਾ ਹਸਪਤਾਲ ਨਵਾਂਸ਼ਹਿਰ ਵਿਚਾਲੇ ਇਸ ਸਬੰਧੀ ਸਮਝੌਤਾ ਸਹੀਬੱਧ ਕੀਤੇ ਜਾਣ ਮੌਕੇ ਕੀਤਾ। ਉਨਾਂ ਦੱਸਿਆ ਕਿ ਇਸ ਯੂਨਿਟ ਦਾ ਨਾਂਅ ‘ਗੁਰੂ ਗੋਬਿੰਦ ਸਿੰਘ ਡਾਇਲਸਿਸ ਯੂਨਿਟ’ ਹੋਵੇਗਾ। ਉਨਾਂ ਦੱਸਿਆ ਕਿ ਆਧੁਨਿਕ ਮਸ਼ੀਨਾਂ ਅਤੇ ਸਾਜ਼ੋ-ਸਾਮਾਨ ਨਾਲ ਲੈਸ ਇਹ ਡਾਇਲਸਿਸ ਯੂਨਿਟ 3 ਮਹੀਨੇ ਵਿਚ ਬਣ ਕੇ ਤਿਆਰ ਹੋ ਜਾਵੇਗਾ। ਉਨਾਂ ਕਿਹਾ ਕਿ ਇਸ ਯੂਨਿਟ ਦੇ ਬਣਨ ਨਾਲ ਨਾ ਕੇਵਲ ਸ਼ਹੀਦ ਭਗਤ ਸਿੰਘ ਨਗਰ ਬਲਕਿ ਲਾਗਲੇ ਇਲਾਕਿਆਂ ਦੇ ਲੋੜਵੰਦ ਲੋਕਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ, ਕਿਉਂਕਿ ਡਾਇਲਸਿਸ ਦਾ ਖ਼ਰਚਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।
ਜ਼ਿਲਾ ਹਸਪਤਾਲ ਦੀ ਤਰਫੋਂ ਇਸ ਮੌਕੇ ਹਾਜ਼ਰ ਐਸ. ਐਮ. ਓ ਨਵਾਂਸ਼ਹਿਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਜ਼ਿਲਾ ਹਸਪਤਾਲ ਵਿਚ ਇਸ ਸਮੇਂ ਦੋ ਬੈੱਡਾਂ ਦਾ ਡਾਇਲਸਿਸ ਯੂਨਿਟ ਪਹਿਲਾਂ ਤੋਂ ਹੀ ਚੱਲ ਰਿਹਾ ਹੈ, ਜਿਸ ਵਿਚ 10 ਹੋਰ ਬੈੱਡਾਂ ਦਾ ਵਿਸਥਾਰ ਕਰ ਕੇ ਹੁਣ ਇਹ ਨਵਾਂ ਯੂਨਿਟ ਸਥਾਪਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਯੂਨਿਟ ਦੇ ਬਣਨ ਨਾਲ ਮਰੀਜ਼ਾਂ ਨੂੰ ਹੋਰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਹੋਣਗੀਆਂ।
ਧੰਨ ਮਾਤਾ ਗੁਜਰੀ ਜੀ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ, ਜਗਰਾਉਂ ਦੇ ਚੇਅਰਮੈਨ ਭਾਈ ਗੁਰਤਾਜ ਸਿੰਘ ਨੇ ਇਸ ਮੌਕੇ ਦੱਸਿਆ ਕਿ ਐਨ. ਆਰ. ਆਈਜ਼ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੇ ਇਸ ਟਰੱਸਟ ਵੱਲੋਂ ਡਾਇਲਸਿਸ ਯੂਨਿਟ ਨੂੰ ਪਾਇਲਟ ਪ੍ਰਾਜੈਕਟ ਵਜੋਂ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਟਰੱਸਟ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਜਗਰਾਉਂ ਵਿਖੇ ਡਾਇਲਸਿਸ ਯੂਨਿਟ ਚਲਾਇਆ ਜਾ ਰਿਹਾ ਹੈ, ਜਿਥੇ ਮਰੀਜ਼ਾਂ ਦਾ ਬਿਲਕੁਲ ਮੁਫ਼ਤ ਡਾਇਲਸਿਸ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਡਾਇਲਸਿਸ ਯੂਨਿਟ ਸਬੰਧੀ ਸਮਝੌਤੇ ਦੀ ਕਾਪੀ ਸੌਂਪਦੇ ਹੋਏ ਭਾਈ ਗੁਰਤਾਜ ਸਿੰਘ ਅਤੇ ਐਸ. ਐਮ. ਓ ਨਵਾਂਸ਼ਹਿਰ ਡਾ. ਮਨਦੀਪ ਕਮਲ।