ਪੋਸ਼ਣ ਮਾਹ ਅਧੀਨ ਜ਼ਿਲ੍ਹੇ ਵਿਚ ਲਾਈਆਂ ਗਈਆਂ ਹਨ 77 ਬਗੀਚੀਆਂ
ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਲਈ ਵਰਦਾਨ ਸਾਬਿਤ ਹੋਣਗੀਆਂ ਘਰੇਲੂ ਬਗੀਚੀਆਂ: ਡਿਪਟੀ ਕਮਿਸ਼ਨਰ
ਬਰਨਾਲਾ, 30 ਸਤੰਬਰ
ਜ਼ਿਲ੍ਹੇ ਦੇ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਸਿਹਤਯਾਬੀ ਲਈ ਕਦਮ ਚੁੱਕਦਿਆ ਪੋਸ਼ਣ ਮਾਹ ਸਤੰਬਰ 2020 ਅਧੀਨ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱੱਲੋਂ ਜਿੱਥੇ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਕਰਾਈਆਂ ਗਈਆਂ, ਉਥੇ ਜ਼ਿਲ੍ਹਾ ਬਰਨਾਲਾ ਵਿੱਚ ਘਰੇਲੂ ਬਗੀਚੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਵਜੋਂ ਮਨਾਇਆ ਗਿਆ ਹੈ। ਇਸ ਤਹਿਤ ਜ਼ਿਲ੍ਹੇ ’ਚ ਕੁਪੋਸ਼ਿਤ ਬੱਚਿਆਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਤੁਲਿਤ ਭੋਜਣ ਬਾਰੇ ਜਾਗਰੂਕ ਗਿਆ ਹੈ। ਅਜਿਹੇ ਬੱਚਿਆਂ ਦੀ ਸਿਹਤਯਾਬੀ ਲਈ ਜ਼ਿਲ੍ਹਾ ਬਰਨਾਲਾ ਦੇ ਤਿੰਨੇ ਬਲਾਕਾਂ ਬਰਨਾਲਾ, ਸਹਿਣਾ ਤੇ ਮਹਿਲ ਕਲਾਂ ਦੇ ਜਿਹੜੇ ਆਂਗਣਵਾੜੀ ਕੇਂਦਰਾਂ ਕੋਲ ਖਾਲੀ ਜਗ੍ਹਾ ਮੌਜੂਦ ਹੈ, ਉਥੇ 77 ਬਗੀਚੀਆਂ ਬਣਾ ਕੇ ਮੌਸਮੀ ਸਬਜ਼ੀਆਂ ਲਾਈਆਂ ਗਈਆਂ ਹਨ, ਤਾਂ ਜੋ ਇਨ੍ਹਾਂ ਬਗੀਚੀਆਂ ਦੀਆਂ ਸਬਜ਼ੀਆਂ ਆਉਣ ਵਾਲੇ ਸਮੇਂ ਵਿਚ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਲਈ ਵਰਤੀਆਂ ਜਾ ਸਕਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਹਿਲੀ ਸਤੰਬਰ ਤੋਂ ਸੰਤੁਲਿਤ ਭੋਜਣ ਸਬੰਧੀ ਜ਼ਿਲ੍ਹੇ ਦੀਆਂ ਔੌਰਤਾਂ ਤੇ ਬੱਚਿਆਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਗਈ, ਜਿਸ ਤਹਿਤ ਆਂਗਣਵਾੜੀ ਵਰਕਰਾਂ ਵੱਲੋਂ ਘਰ ਘਰ ਜਾ ਕੇ ਔਰਤਾਂ ਨੂੰ ਸਹੀ ਪੋਸ਼ਣ ਬਾਰੇ ਦੱਸਿਆ ਗਿਆ ਹੈ ਤਾਂ ਜੋ ਜੋ ਔਰਤਾਂ ਅਤੇ ਬੱਚੇ ਸਿਹਤਮੰਦ ਰਹਿਣ, ਜਿਸ ਨਾਲ ਸਾਡਾ ਸਮਾਜ ਵੀ ਸਿਹਤਯਾਬ ਰਹੇਗਾ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸੀਡੀਪੀਓ ਅਰਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਆਂਗਣਵਾੜੀਆਂ ਦੇ ਵਿਹੜਿਆਂ ਵਿਚ ਜੋ ਬਗੀਚੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਦੀ ਦੇਖਭਾਲ ਦੀ ਜਿੰਮੇਵਾਰੀ ਆਂਗਣਵਾੜੀ ਵਰਕਰਾਂ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਤਿੰਨੇ ਬਲਾਕਾਂ ਵਿਚ 77 ਬਗੀਚੀਆਂ ਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਹੋਰ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ।

English





