ਜ਼ਿਲ੍ਹੇ ਨੂੰ ਸ਼ਿੰਗਾਰਨ ਲਈ ‘ਮਿੰਨੀ ਜੰਗਲ’ ਲਾਉਣ ਦੀ ਮੁਹਿੰਮ ਤੇਜ਼ੀ ਨਾਲ ਜਾਰੀ

ਜ਼ਿਲ੍ਹੇ ਨੂੰ ਸ਼ਿੰਗਾਰਨ ਲਈ ‘ਮਿੰਨੀ ਜੰਗਲ’ ਲਾਉਣ ਦੀ ਮੁਹਿੰਮ ਤੇਜ਼ੀ ਨਾਲ ਜਾਰੀ
–ਹੰਡਿਆਇਆ ਵਿਖੇ 35 ਏਕੜ ’ਚ ਬਣੇਗਾ ‘ਮਿੰਨੀ ਜੰਗਲ’: ਡਿਪਟੀ ਕਮਿਸ਼ਨਰ
—ਕਿਹਾ, ਸਕੂਲਾਂ ਤੇ ਹੋਰ ਸਾਂਝੀਆਂ ਥਾਵਾਂ ’ਤੇ ਸਿੱਖਿਆ ਵਿਭਾਗ ਰਾਹੀਂ ਹੁਣ ਤੱਕ ਦੋ ਲੱਖ ਤੋਂ ਵੱਧ ਪੌਦੇ ਲਾਏ

ਬਰਨਾਲਾ, 3 ਅਕਤੂਬਰ

ਜ਼ਿਲ੍ਹਾ ਬਰਨਾਲਾ ਵਿੱਚ ਵਾਤਾਵਰਣ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰਿਆਵਲ ਮੁਹਿੰਮ ਤਹਿਤ ਪੌਦੇ ਲਾਉਣੇ ਜਾਰੀ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਆ ਨੇ ਦੱਸਿਆ  ਕਿ ਜ਼ਿਲੇ ਵਿੱਚ ਸੁਰੱਖਿਅਤ ਥਾਵਾਂ ’ਤੇ ‘ਮਿੰਨੀ ਜੰਗਲ’ ਦੇ ਰੂਪ ਵਿੱਚ ਪੌਦੇ ਲਾਏ ਜਾ ਰਹੇ ਹਨ ਤਾਂ ਜੋ ਜ਼ਿਲੇ ਨੂੰ ਹਰੀ ਪੱਟੀ ਵਜੋਂ ਵਿਕਸਿਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਜਿੱਥੇ ਜੰਗਲਾਤ ਵਿਭਾਗ ਵੱਲੋਂ ਸੜਕਾਂ ਤੇ ਹੋਰ ਥਾਵਾਂ ਉਤੇ ਪੌਦੇ ਲਾਏ ਗਏ ਹਨ, ਉਥੇ ਸਿੱਖਿਆ ਵਿਭਾਗ ਨੂੰ ਵੱਡੀ ਜ਼ਿੰਮੇਵਾਰ ਸੌਂਪੀ ਗਈ ਹੈ ਤੇ ਸਿੱਖਿਆ ਵਿਭਾਗ ਰਾਹੀਂ ਸਕੂਲਾਂ ਤੇ ਹੋਰ ਸਾਂਝੀਆਂ ਥਾਵਾਂ ’ਤੇ ਹੁਣ ਤੱਕ 2,33,000 ਪੌਦੇ ਲਾਏ ਜਾ ਚੁੱਕੇ ਹਨ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਹੰਡਿਆਇਆ ਵਿੱਚ 35 ਏਕੜ ਵਿਚ ਮਿਨੀ ਜੰਗਲ ਬਣਾਇਆ ਜਾਣਾ ਹੈ ਤੇ ਹੁਣ ਤੱਕ 6 ਏਕੜ ਵਿਚ 4100 ਦੇ ਕਰੀਬ ਪੌਦੇ ਲਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਟੌਲ ਪਲਾਜ਼ਾ ਜਗਜੀਤਪੁਰਾ ’ਤੇ 6000 ਤੋਂ ਵੱਧ ਪੌਦੇ ਲਾਏ ਜਾ ਚੁੱਕੇ ਹਨ। ਇਸੇ ਤਰਾਂ ਜੀ ਮਾਲ ਨੇੜੇ ਪੁਲ ਨੇੜਲੀਆਂ ਖਾਲੀ ਥਾਵਾਂ ਤੋਂ ਇਲਾਵਾ ਪੱਤੀ ਸੋਹਲ ਮੁੜ ਵਸੇਬਾ ਕੇਂਦਰ ’ਚ 600 ਬੂਟੇ ਲਾਏ ਗਏ ਹਨ।
ਇਸ ਤੋਂ ਇਲਾਵਾ ਪਿੰਡ ਨੰਗਲ ਵਿਚ ਡੇਢ ਏਕੜ ਵਿਚ ਮਿਨੀ ਜੰਗਲ ਉਸਾਰਨ ਲਈ ਪੌਦੇ ਲਾਏ ਗਏ ਹਨ ਤੇ ਪਿੰਡ ਕੁਰੜ ਵਿਚ ਸਾਢੇ 3 ਏਕੜ ਵਿਚ ਪੌਦੇ ਲਾਏ ਗਏ ਹਨ।

ਉਨਾਂ ਦੱਸਿਆ ਕਿ ਅਨਾਜ ਮੰਡੀ ਬਰਨਾਲਾ ਵਿਚ 1500 ਦੇ ਕਰੀਬ ਪੌਦੇ, ਢਿੱਲਵਾਂ ਬਿਰਧ ਆਸ਼ਰਮ ਕੰਪਲੈਕਸ ਵਿਚ 500 ਦੇ ਕਰੀਬ ਪੌਦੇ ਤੇ ਢਿੱਲਵਾ ਡਿਸਪੈਂਸਰੀ ਵਿਚ ਵੀ ਪੌਦੇ ਲਾਏ ਗਏ ਹਨ। ਇਸ ਤੋਂ ਇਲਾਵਾ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਿੰਡ ਸੱਦੋਵਾਲ ’ਚ ਮਿਨੀ ਜੰਗਲ ਵਾਸਤੇ ਪੌਦੇ ਲਾਏ ਗਏ ਹਨ ਤੇ ਮੂੰਮ ਸਕੂਲ ਵਿਚ ਵੀ ਇਕ ਏਕੜ ਵਿਚ ਗਰੀਨ ਕਵਰ ਉਸਾਰਿਆ ਗਿਆ ਹੈ।

ਉਨਾਂ ਦੱਸਿਆ ਕਿ ਪਿੰਡ ਟੱਲੇਵਾਲ ਵਿਖੇ ਟੋਭੇ ਦੁਆਲੇ 1500 ਦੇ ਕਰੀਬ ਪੌਦੇ ਲਾਏ ਗਏ ਹਨ ਤੇ ਖੁੱਡੀ ਕਲਾਂ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ 500 ਤੋਂ ਵੱਧ ਪੌਦੇ ਲਾਏ ਗਏ ਹਨ। ਇਸ ਤੋਂ ਇਲਾਵਾ ਬਡਬਰ ਵਿਖੇ ਜਲਗਾਹ ਬਣਾਉਣ ਦੀ ਕਵਾਇਦ ਵੀ ਜਾਰੀ ਹੈ।

ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦਾ ਉਦੇਸ਼ ਹੈ ਕਿ ਜ਼ਿਲੇ ਦੇ ਵੱਧ ਤੋਂ ਵੱਧ ਪਿੰਡਾਂ ਨੂੰ ਮਿਨੀ ਜੰਗਲਾਂ ਨਾਲ ਸ਼ਿੰਗਾਰਿਆ ਜਾ ਸਕੇ ਤਾਂ ਜੋ ਜ਼ਿਲਾ ਬਰਨਾਲਾ ਹਰਿਆਵਲ ਪੱਖੋਂ ਸੂਬੇ ਭਰ ’ਚੋਂ ਮੋਹਰੀ ਆਵੇ ਤੇ ਇਸ ਇਲਾਕੇ ਨੂੰ ਡਾਰਕ ਜ਼ੋਨ ਵਿਚੋਂ ਕੱਢਿਆ ਜਾ ਸਕੇ।