ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਤੋਂ ਕੀਤਾ ਜਾਗਰੂਕ

Farmer meeting

ਬਲਾਕ ਪਟਿਆਲਾ ਦੇ ਪਿੰਡਾਂ ‘ਚ ਚਲਾਈ ਜਾਗਰੂਕਤਾ ਮੁਹਿੰਮ
ਪਟਿਆਲਾ, 13 ਸਤੰਬਰ:
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਖੇਤਾਂ ਅਤੇ ਵਾਤਾਵਰਣ ਦੇ ਹੁੰਦੇ ਨੁਕਸਾਨ ਤੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਹਿਕਾਰੀ ਸਭਾਵਾਂ ਵੱਲੋਂ ਜ਼ਿਲ੍ਹੇ ‘ਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅੱਜ ਬਲਾਕ ਪਟਿਆਲਾ ਦੇ ਪਿੰਡ ਬਿਸ਼ਨਗੜ੍ਹ, ਮੁਖਮੈਲਪੁਰ, ਅਬਦੁਲਪੁਰ, ਅਲੀਪੁਰ, ਸੇਖਪੁਰ ਜੰਗੀਰ, ਸਲੇਮਪੁਰ ਵਾਲੀਆ, ਚਿੜਵੀ, ਮੈਹਮਾ ਅਤੇ ਸਾਹਿਨਪੁਰ ਟਾਂਡਾ ‘ਚ ਕੈਂਪ ਲਗਾਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।

Farmer meeting
ਸਹਿਕਾਰੀ ਸਭਾਵਾਂ ਪਟਿਆਲਾ ਦੇ ਉਪ ਰਜਿਸਟਰਾਰ ਸ੍ਰੀ ਸਰਬੇਸ਼ਵਰ ਸਿੰਘ ਮੋਹੀ ਨੇ ਦੱਸਿਆ ਕਿ ਖੇਤੀਬਾੜੀ ਵਿਕਾਸ ਅਫ਼ਸਰ ਗੁਰਮੀਤ ਸਿੰਘ ਵੱਲੋਂ ਅੱਜ ਵੱਖ-ਵੱਖ ਪਿੰਡਾਂ ‘ਚ ਜਾਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਅਤੇ ਪਰਾਲੀ ਨੂੰ ਖੇਤਾਂ ‘ਚ ਵਾਹੁਣ ਨਾਲ ਹੁੰਦੇ ਲਾਭ ਸਬੰਧੀ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਖੇਤਾਂ ‘ਚ ਅੱਗ ਲਗਾਉਣ ਦੇ ਨੁਕਸਾਨ ਅਤੇ ਨਾ ਲਗਾਉਣ ਦੇ ਲਾਭ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪਲੀਤ ਹੁੰਦਾ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ, ਇਸ ਦੇ ਉਲਟ ਖੇਤਾਂ ‘ਚ ਹੀ ਪਰਾਲੀ ਵਾਹੁਣ ਨਾਲ ਜਿਥੇ ਖੇਤਾਂ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ, ਉਥੇ ਹੀ ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈ ਦੀ ਵਰਤੋਂ ਵੀ ਘੱਟ ਹੁੰਦੀ ਹੈ।
ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾਵਾਂ ‘ਚ ਸਰਕਾਰ ਵੱਲੋਂ ਕਣਕ ਅਤੇ ਝੋਨੇ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਵਾਲੇ ਸੰਦ ਸਬਸਿਡੀ ‘ਤੇ ਮੁਹੱਈਆ ਕਰਵਾਏ ਜਾਂਦੇ ਹਨ, ਕਿਸਾਨ ਇਨ੍ਹਾਂ ਮਸ਼ੀਨਰੀਆਂ ਦੀ ਵਰਤੋਂ ਕਰਕੇ ਨਾੜ ਨੂੰ ਖੇਤਾਂ ‘ਚ ਹੀ ਵਾਹ ਸਕਦੇ ਹਨ।
ਕੈਪਸ਼ਨ : ਸਹਿਕਾਰੀ ਸਭਾਵਾਂ ਦੇ ਨੁਮਾਇੰਦੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ।