ਰੂਪਨਗਰ, 22 ਜਨਵਰੀ 2025
100 ਦਿਨੀ ਟੀ.ਬੀ. ਮੁਹਿੰਮ ਦੇ ਤਹਿਤ ਟੀ.ਬੀ. ਦੀ ਬਿਮਾਰੀ ਨੂੰ ਜੜ ਤੋਂ ਮੁਕਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁਹਿੰਮ ਦਾ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਡਾ. ਬਲਵਿੰਦਰ ਸਿੰਘ ਅਤੇ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਨੇ ਰੂਪਨਗਰ ਦੇ ਸਤਲੁੱਜ ਦਰਿਆ ਦੇ ਨਾਲ ਲਗਦੇ ਸਲੱਮ ਇਲਾਕਿਆਂ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਟੀ.ਬੀ. ਦੇ ਲੱਛਣਾਂ, ਰੋਕਥਾਮ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਵੱਲੋਂ ਟੀ.ਬੀ. ਬਿਮਾਰੀ ਦਾ ਇਲਾਜ ਪ੍ਰਾਪਤ ਕਰ ਚੁੱਕੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ ਗਈ।
ਡਾਇਰੈਕਟਰ ਐਨ. ਐਚ.ਐਮ. ਨੇ ਕਿਹਾ ਕਿ ਟੀ.ਬੀ. ਦੀ ਰੋਕਥਾਮ ਲਈ ਸਰਕਾਰ ਵੱਲੋਂ ਕਈ ਕਦਮ ਉਠਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ 100 ਦਿਨਾਂ ਦੇ ਅੰਦਰ ਜਿਆਦਾ ਤੋਂ ਜਿਆਦਾ ਟੀ.ਬੀ. ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਟੀ.ਬੀ. ਦੇ ਇਲਾਜ ਲਈ ਉਪਲੱਬਧ ਸਹੂਲਤਾਂ ਦਾ ਜ਼ਿਕਰ ਕੀਤਾ ਅਤੇ ਸਮਾਜਿਕ ਜਾਗਰੂਕਤਾ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਵੱਲੋਂ ਟੀ. ਬੀ. ਮਰੀਜਾਂ ਨੂੰ ਦਿੱਤੀਆਂ ਜਾ ਰਹੀਆ ਸਹੂਲਤਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਲਈ ਗਈ।
ਸਿਵਲ ਸਰਜਨ ਡਾ. ਤਰਸੇਮ ਸਿੰਘ ਨੇ ਕਿਹਾ ਕਿ ਰੂਪਨਗਰ ਜ਼ਿਲ੍ਹੇ ਵਿੱਚ ਟੀ.ਬੀ. ਮੁਕਤ ਭਾਰਤ ਦਾ ਟੀਚਾ ਹਾਸਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਸਲੱਮ ਇਲਾਕਿਆਂ ਵਿੱਚ ਟੀਮਾਂ ਵਲੋਂ ਟੀ.ਬੀ. ਟੈਸਟਿੰਗ ਕੈਂਪ ਵੀ ਲਗਾਏ ਜਾ ਰਹੇ ਹਨ।ਇਸ ਤੋਂ ਇਲਾਵਾ ਸਥਾਨਕ ਆਬਾਦੀ ਨੂੰ ਟੀ.ਬੀ. ਬਾਰੇ ਵਧੇਰੇ ਸੂਚਨਾ ਪ੍ਰਦਾਨ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਟੀ.ਬੀ. ਦੇ ਲੱਛਣਾਂ ਬਾਰੇ ਚੌਕਸੀ ਰੱਖਣ ਅਤੇ ਸਮੇਂ ਤੇ ਡਾਕਟਰੀ ਸਲਾਹ ਲੈਣ।
ਇਸ ਮੌਕੇ ਜ਼ਿਲ੍ਹਾ ਤਪਦਿਕ ਅਫਸਰ ਡਾ. ਕਮਲਦੀਪ, ਡਿਪਟੀ ਮਾਸ ਮੀਡੀਆ ਅਫਸਰ ਸ. ਰਵਿੰਦਰ ਸਿੰਘ, ਸ. ਇੰਦਰਜੀਤ ਸਿੰਘ ਅਤੇ ਸ਼੍ਰੀਮਤੀ ਰਜਨੀ ਹਾਜ਼ਰ ਸਨ।

English






