15 ਜੁਲਾਈ ਨੂੰ ਡਵੀਜਨ ਕਮਿਸ਼ਨਰ ਤੋਂ ਕੀਤੀ ਰਿਪੋਰਟ ‘ਤਲਬ’

ਐਸਸੀ ਕਮਿਸ਼ਨ ਨੇ ਡਵੀਜਨ ਕਮਿਸ਼ਨਰ ਜਲੰਧਰ ਨੂੰ ਸੌਂਪੀ ‘ਜਾਂਚ’
ਮਾਮਲਾ: ਦਲਿਤ ਪਟਵਾਰੀ ਨਾਲ ਜਾਤੀ ਵਿਤਕਰਾ ਕਰਨ ਦਾ-ਵਿਭਾਗੀ ਤਰੱਕੀ ਦੇਣ ਤੋਂ ਕੀਤਾ ਨਜ਼ਰ ਅੰਦਾਜ
ਗੁਰਦਾਸਪੁਰ, 22 ਜੂਨ 2021 ਦਲਿਤ ਪਟਵਾਰੀ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪੁੱਜਾ ਹੈ। ਚੇਤੇ ਰਹੇ ਕਿ ਬਲਜੀਤ ਸਿੰਘ ਪੁੱਤਰ ਸ੍ਰ ਬਖਸ਼ੀਸ ਸਿੰਘ ਪਟਵਾਰੀ ਹਲਕਾ ਜੋੜਾ ਸਿੰਘਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਖੁਦ ਨਾਲ ਵਿਭਾਗੀ ਪੱਧਰ ਤੇ ਹੋ ਰਹੀ ਵਿਤਕਰੇਬਾਜੀ ਨੂੰ ਲੈ ਕੇ ਅੱਜ ਇਥੇਂ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ‘ਸਿਆਲਕਾ’ ਨਾਲ ਮੁਲਾਕਾਤ ਕੀਤੀ।ਇਸ ਮਿਲਣੀ ਮੌਕੇ ਸ਼ਿਕਾਇਤ ਕਰਤਾ ਪਟਵਾਰੀ ਬਲਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਕਮਿਸ਼ਨ ਦੇ ਸਪੁੱਰਦ ਕਰਦਿਆਂ ਦੱਸਿਆ ਕਿ ਮੈਂ ਕਨੂੰਗੋ ਪੱਧਰ ਦੀ ਆਸਾਮੀਂ ਦਾ ਟੈਸਟ ਪਾਸ ਕਰ ਚੁੱਕਾ ਹਾਂ, ਪਰ ਵਿਭਾਗ ਮੈਂਨੂੰ ਬਣਦੀ ਤਰੱਕੀ ਦੇਣ ‘ਚ ਟਾਲ ਮਟੌਲ ਕਰਦਾ ਆ ਰਿਹਾ ਹੈ।
ਉਕਤ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮੇਰੇ ਹੀ ਸਾਥੀ ਪਟਵਾਰੀ ਜੋ ਕਿ ਜਨਰਲ ਕੈਟਾਗਿਰੀ ਨਾਲ ਸਬੰਧਤ ਹੈ ਤੇ ਅਤੇ ਮੇਰੇ ਤੇ ‘ਏਸੀਆਰ’ ਨਾਲ ਛੇੜ ਛਾੜ ਕਰਨ ਦਾ ਸ਼ੱਕ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਮੇਰੇ ਸਾਥੀ ਪਟਵਾਰੀ ਨੂੰ ਇਤਰਾਜ ਉਠਣ ਦੇ ਬਾਵਜੂਦ ਵੀ ਵਿਭਾਗੀ ਤਰੱਕੀ ਦੇ ਦਿੱਤੀ ਗਈ ਹੈ,ਪਰ ਮੈਂਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ। ਪ੍ਰਭਾਵਿਤ ਪਟਵਾਰੀ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ ਐਸਕੇ ਬ੍ਰਾਂਚ ਸਥਿਤ ਹੈ ਜਿਥੇ ਮੁਲਾਜ਼ਮਾਂ ਦੀਆਂ ‘ਏਸੀਆਰ’ ਦੀ ਸਾਂਭ ਸੰਭਾਲ ਲਈ ਵੱਖਰਾ ਵਿੰਗ ਤਾਇਨਾਤ ਕੀਤਾ ਗਿਆ ਹੈ। ਉਨ੍ਹਾ ਨੇ ਕਿਹਾ ਕਿ ‘ਏਸੀਆਰ’ ਸਾਡੇ ਅਧਿਕਾਰ ਖੇਤਰ ‘ਚ ਨਹੀਂ ਹੁੰਦੀ ਹੈ। ਉਨ੍ਹਾ ਨੇ ਦੱਸਿਆ ਕਿ ਸਾਡੇ ਕੋਲੋਂ ਏਸੀਆਰ ਤੇ ਦਸਤਖਤ ਕਰਵਾਉਂਣ ਦਾ ਜ਼ਿੰਮਾਂ ਵਿਭਾਗ ਨੇ ਹਲਕਾ ਕਾਨੂੰਗੋ ਨੂੰ ਦਿੱਤਾ ਗਿਆ ਹੁੰਦਾ ਹੈ,ਫਿਰ ਮੈਂਨੂੰ ਜ਼ੁੰਮੇਵਾਰ ਕਿਵੇਂ ਠਹਿਰਾਇਆ ਜਾ ਰਿਹਾ ਹੈ ?
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਪ੍ਰਭਾਵਿਤ ਪਟਵਾਰੀ ਬਲਜੀਤ ਸਿੰਘ ਕੋਲੋਂ ਸ਼ਿਕਾਇਤ ਪੱਤਰ ਪ੍ਰਾਪਤ ਕਰਦਿਆਂ ਪ੍ਰੈੱਸ ਨੂੰ ਦੱਸਿਆ ਕਿ ਹਲਕਾ ਜੋੜਾ ਸਿੰਘਾ ‘ਚ ਤਾਇਨਾਤ ਪਟਵਾਰੀ ਬਲਜੀਤ ਸਿੰਘ ਪਿਛਲੇ ਦਹਾਕਿਆਂ ਤੋਂ ਵਿਭਾਗ ‘ਚ ਨੌਕਰੀ ਕਰਦਾ ਆ ਰਿਹਾ ਹੈ।ਹੁਣ ਜਦੋਂ ਉਸ ਨੂੰ ਵਿਭਾਗੀ ਤਰੱਕੀ ਮਿਲਣ ਜਾ ਰਹੀ ਹੈ ਤਾਂ ਉਸ ਦੀ ਤਰੱਕੀ ਤੇ ਇਸ ਕਰਕੇ ਰੋਕ ਲਗਾਈ ਜਾ ਰਹੀ ਹੈ ਕਿ ਉਸ ਦੀ ਏਸੀਆਰ ‘ਚ ਅਧਿਕਾਰੀ ਦੇ ਦਸਤਖਤ ਸ਼ੱਕੀ ਹਨ।
ਡਾ ਸਿਆਲਕਾ ਨੇ ਕਿਹਾ ਕਿ ਸ਼ਿਕਾਇਤ ਕਰਤਾ ਨੇ ਇਹ ਰੋਸ ਕਮਿਸ਼ਨ ਕੋਲ ਕੀਤਾ ਹੈ ਕਿ ਜ਼ਿਲ੍ਹਾ ਪ੍ਰਸਾਸ਼ਨ ਨੇ ਮੈਂਨੂੰ ਅਜੇ ਤੱਕ ਨਹੀਂ ਸੁਣਿਆ ਹੈ। ਇੱਕ ਸਵਾਲ ਦੇ ਜਵਾਬ ‘ਚ ਕਮਿਸ਼ਨ ਦੇ ਮੈਂਬਰ ਨੇ ਕਿਹਾ ਕਿ ਸਬੰਧਤ ਮਾਮਲੇ ਦੀ ਜਾਂਚ ਡਵੀਜਨ ਕਮਿਸ਼ਨਰ ਜਲੰਧਰ ਨੂੰ ਸੌਂਪੀ ਗਈ ਹੈ ਅਤੇ 15 ਜੁਲਾਈ 2021 ਨੂੰ ਡਵੀਜਨ ਕਮਿਸ਼ਨਰ ਜਲ਼ੰਧਰ ਤੋਂ ਸਟੇਟਸ ਰਿਪੋਰਟ ‘ਤਲਬ’ ਕਰ ਲਈ ਗਈ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਟੀਐਸ ਸਿਆਲਕਾ ਪੀੜਤ ਪਟਵਾਰੀ ਤੋਂ ਸ਼ਿਕਾਇਤ ਪ੍ਰਾਪਤ ਕਰਦੇ ਹੋਏ,ਨਾਲ ਹਨ ਪੀਆਰਓ ਸਤਨਾਮ ਸਿੰਘ ਗਿੱਲ ਤੇ ਕਈ ਹੋਰ।