1584 ਨਮੂਨੇ ਲਏ ਗਏ, ਅਦਾਲਤ ਵਿਚ ਇਕ ਕੇਸ ਦਾਇਰ ਅਤੇ ਦੋ ਐਫਆਈਆਰਜ਼ ਕੀਤੀਆਂ ਦਰਜ

Safe Punjab Program under Tandrust Punjab Mission
ਮਿਆਰੀ ਗੁਣਵਤਾ ਵਾਲੇ ਐਗਰੋਕੈਮੀਕਲਜ਼ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਚਾਰ ਮਹੀਨਿਆਂ ਵਿੱਚ 3483 ਕੀਟਨਾਸ਼ਕਾਂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ
ਚੰਡੀਗੜ੍ਹ, 21 ਅਗਸਤ:
ਮਿਸ਼ਨ ਤੰਦਰੁਸਤ ਪੰਜਾਬ ਤਹਿਤ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੂਬੇ ਭਰ ਵਿੱਚ ਕੀਟਨਾਸ਼ਕਾਂ ਦੀਆਂ ਦੁਕਾਨਾਂ ਦੀ ਨਿਯਮਿਤ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਲਈ ਮਿਆਰੀ ਗੁਣਵਤਾ ਵਾਲੇ ਐਗਰੋਕੈਮੀਕਲਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ। ਖੇਤੀਬਾੜੀ ਵਿਭਾਗ ਦੀਆਂ ਤਿੰਨਾਂ ਕੀਟਨਾਸ਼ਕ ਟੈਸਟਿੰਗ ਲੈਬਾਰਟਰੀਆਂ ਇੰਸੈਕਟੀਸਾਈਡ ਇੰਸਪੈਕਟਰਾਂ ਰਾਹੀਂ ਲਏ ਗਏ ਕੀਟਨਾਸ਼ਕਾਂ ਦੇ ਨਮੂਨਿਆਂ ਦੀ ਜਾਂਚ ਦਾ ਕੰਮ ਕਰ ਰਹੀਆਂ ਹਨ।
ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ 1 ਅਪ੍ਰੈਲ, 2020 ਤੋਂ ਹੁਣ ਤੱਕ ਵਿਭਾਗ ਨੇ 3483 ਕੀਟਨਾਸ਼ਕ ਦੁਕਾਨਾਂ ਦੀ ਜਾਂਚ ਕੀਤੀ ਹੈ ਅਤੇ 1584 ਕੀਟਨਾਸ਼ਕਾਂ ਦੇ ਨਮੂਨੇ ਲਏ ਹਨ। ਜੇ ਕੋਈ ਨਮੂਨਾ ਘਟਿਆ ਦਰਜੇ ਦਾ ਪਾਇਆ ਜਾਂਦਾ ਹੈ, ਤਾਂ ਕੀਟਨਾਸ਼ਕ ਐਕਟ, 1968 ਅਨੁਸਾਰ ਵਿਭਾਗ ਸਬੰਧਤ ਕੀਟਨਾਸ਼ਕ ਡੀਲਰ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਦਾ ਹੈ।
ਅਪ੍ਰੈਲ 2020 ਤੋਂ ਹੁਣ ਤੱਕ ਡਿਫਾਲਟਰਾਂ ਖਿਲਾਫ਼ ਅਦਾਲਤ ਵਿਚ ਇਕ ਕੇਸ ਦਾਇਰ ਕੀਤਾ ਗਿਆ ਹੈ ਅਤੇ ਦੋ ਐਫਆਈਆਰਜ਼ ਵੀ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਅਤੇ 8 ਕੀਟਨਾਸ਼ਕ ਡੀਲਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕੀਟਨਾਸ਼ਕਾਂ ਦੀ ਸਪਲਾਈ ਦੀ ਨਿਗਰਾਨੀ ਲਈ ਪਿਛਲੇ ਦੋ ਸਾਲਾਂ ਦੌਰਾਨ ਵੀ ਇੱਕ ਇਸੇ ਤਰ੍ਹਾਂ ਦੀ ਮੁਹਿੰਮ ਚਲਾਈ ਗਈ ਸੀ, ਜਿਸ ਕਾਰਨ ਸਾਲ 2018 ਦੇ ਮੁਕਾਬਲੇ ਸਾਉਣੀ ਸੀਜ਼ਨ 2019 ਦੌਰਾਨ ਸੂਬੇ ਵਿਚ 355 ਕਰੋੜ ਰੁਪਏ ਦੀ ਕੀਮਤ ਵਾਲੇ 675 ਮੀਟ੍ਰਿਕ ਟਨ (ਟੈਕਨੀਕਲ ਗ੍ਰੇਡ) ਕੀਟਨਾਸ਼ਕਾਂ ਦੀ ਘੱਟ ਖਪਤ ਕੀਤੀ ਗਈ ਜੋ ਇਕ ਸਾਲ ਵਿਚ ਕੀਟਨਾਸ਼ਕਾਂ ਦੀ ਖਪਤ ਵਿਚ ਲਗਭਗ 18% ਦੀ ਕਮੀ ਹੈ।
ਸਾਉਣੀ 2018 ਦੌਰਾਨ ਕੀਟਨਾਸ਼ਕਾਂ ਦੀ ਖਪਤ 3838 ਮੀਟ੍ਰਿਕ ਟਨ ਸੀ, ਸਾਉਣੀ 2019 ਦੌਰਾਨ ਇਹ ਖਪਤ ਘਟ ਕੇ 3163 ਮੀਟ੍ਰਿਕ ਟਨ ਰਹਿ ਗਈ ਸੀ। ਸ. ਪੰਨੂੰ ਨੇ ਕਿਹਾ ਕਿ ਕੀਟਨਾਸ਼ਕਾਂ ਦੀਆਂ ਦੁਕਾਨਾਂ ਦੀ ਚੈਕਿੰਗ ਦੇ ਨਤੀਜੇ ਵਜੋਂ ਬਿਨਾ ਬਰੈਂਡ/ਫੇਲ ਹੋਏ ਨਮੂਨਿਆਂ ਦੀ ਦਰ ਘਟ ਕੇ ਸਾਲ 2017-18 ਵਿੱਚ 4.51 ਫ਼ੀਸਦ, ਸਾਲ 2018-19 ਵਿਚ 2.89 ਫ਼ੀਸਦ ਅਤੇ ਸਾਲ 2019-20 ਵਿਚ 2.44 ਫ਼ੀਸਦ ਰਹਿ ਗਈ ਹੈ। ਇਹ ਪਿਛਲੇ ਸਾਲਾਂ ਦੌਰਾਨ ਐਗਰੋ ਕੈਮੀਕਲਜ਼ ਦੀ ਗੁਣਵੱਤਾ ਵਿਚ ਸੁਧਾਰ ਦਾ ਸਪਸ਼ਟ ਸੰਕੇਤ ਹੈ।
ਵਧੀਆ ਗੁਣਵਤਾ ਵਾਲੇ ਐਗਰੋ ਕੈਮੀਕਲਜ਼ ਨਾ ਸਿਰਫ਼ ਫਸਲਾਂ ਦੀ ਉਤਪਾਦਕਤਾ ਨੂੰ ਵਧਾਉਣ ਵਿਚ ਸਹਾਇਕ ਹਨ ਸਗੋਂ ਲਾਗਤ ਨੂੰ ਵੀ ਘਟਾਉਂਦੇ ਹਨ, ਇਸ ਤਰ੍ਹਾਂ ਕਿਸਾਨਾਂ ਦੀ ਕੁੱਲ ਆਮਦਨੀ ਵਿਚ ਵਾਧਾ ਹੁੰਦਾ ਹੈ।
ਅਜਿਹੇ ਸਖ਼ਤ ਉਪਾਵਾਂ ਨੂੰ ਅਪਣਾਉਣ ਦੇ ਨਾਲ-ਨਾਲ ਪੰਜਾਬ ਵਿੱਚ ਕੋਈ ਵੀ ਘਟੀਆ ਕੁਆਲਟੀ ਐਗਰੋ ਕੈਮੀਕਲਜ਼ ਵੇਚਣ ਦੀ ਆਗਿਆ ਨਹੀਂ ਹੈ। ਵਿਭਾਗ ਵੱਲੋਂ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਚੰਗੀ ਗੁਣਵਤਾ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਸਰਗਰਮ ਯਤਨਾਂ ਸਦਕਾ ਝੋਨੇ ਜਾਂ ਕਪਾਹ ਦੀ ਫਸਲ ‘ਤੇ ਕਿਸੇ ਵੀ ਕੀਟ ਦੀ ਕੋਈ ਰਿਪੋਰਟ ਨਹੀਂ ਆਈ ਹੈ। ਕਿਸਾਨ ਫਸਲਾਂ ਦੀ ਚੰਗੀ ਪੈਦਾਵਾਰ ਤੋਂ ਸੰਤੁਸ਼ਟ ਹਨ ਅਤੇ ਇਸ ਸਾਉਣੀ ਸੀਜ਼ਨ ਦੌਰਾਨ ਚੰਗੀ ਕਮਾਈ ਦੀ ਉਮੀਦ ਕਰ ਰਹੇ ਹਨ।