ਨਿਰਪੱਖ ਜਾਂਚ ਹੀ ਬੇਅਦਬੀ ਘਟਨਾਵਾਂ ਪਿੱਛੇ ਆਪ ਦੇ ਹੱਥ ਨੂੰ ਬੇਨਕਾਬ ਕਰ ਸਕਦੀ ਐ: ਪਰਮਬੰਸ ਸਿੰਘ ਰੋਮਾਣਾ
ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਲਈ ਦੋਸ਼ੀ ਠਹਿਰਾਏ ਨਰੇਸ਼ ਯਾਦਵ ਦੀ ਪੈਰਵੀ ਕਰਨ ਵਾਲੇ ਹਰਪਾਲ ਚੀਮਾ ਤੇ ਹਰਜੋਤ ਬੈਂਸ ਨੂੰ ਕੈਬਨਿਟ ਵਿਚੋਂ ਬਰਖ਼ਾਸਤ ਕੀਤੇ ਜਾਣ ਦੀ ਕੀਤੀ ਮੰਗ
ਜ਼ੋਰ ਦੇ ਕੇ ਕਿਹਾ ਕਿ ਆਪ ਤੇ ਕਾਂਗਰਸ ਦੋਵਾਂ ਨੇ ਬੇਅਦਬੀ ’ਤੇ ਰਾਜਨੀਤੀ ਕੀਤੀ
ਚੰਡੀਗੜ੍ਹ, 17 ਜੁਲਾਈ 2025
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਅਤੇ ਇਸਦੇ ਆਗੂਆਂ ਦਾ ਹੀ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਹੱਥ ਹੈ ਅਤੇ ਇਕ ਨਿਰਪੱਖ ਜਾਂਚ ਹੀ ਮਾਮਲੇ ਦੀ ਸੱਚਾਈ ਸਾਹਮਣੇ ਲਿਆ ਸਕਦੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੀਤ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਉਦੋਂ ਹੀ ਵਾਪਰਨੀਆਂ ਸ਼ੁਰੂ ਹੋਈਆਂ ਜਦੋਂ ਆਪ ਸੂਬੇ ਵਿਚ ਆਈ। ਉਹਨਾਂ ਨੇ ਦੱਸਿਆ ਕਿ ਕਿਵੇਂ ਆਪ ਦੇ ਵਿਧਾਇਕ ਨਰੇਸ਼ ਯਾਦਵ ਨੂੰ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਤੇ ਦੋਸ਼ੀ ਠਹਿਰਾਇਆ ਗਿਆ ਅਤੇ ਮੌਜੂਦਾ ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਹਰਜੋਤ ਬੈਂਸ ਕੇਸ ਵਿਚ ਉਸਦੇ ਵਕੀਲੇ ਸਨ।
ਉਹਨਾਂ ਕਿਹਾ ਕਿ ਦੋਵਾਂ ਮੰਤਰੀਆਂ ਨੂੰ ਨਾ ਸਿਰਫ ਬੇਅਦਬੀ ਦੇ ਮੁਲਜ਼ਮ ਦੀ ਹਮਾਇਤ ਕਰਨ ਲਈ ਕੈਬਨਿਟ ਵਿਚੋਂ ਬਰਖ਼ਾਸਤ ਕਰਨਾ ਚਾਹੀਦਾ ਹੈ ਬਲਕਿ ਉਹਨਾਂ ਦੇ ਖਿਲਾਫ ਨਵੇਂ ਪੰਜਾਬ ਪ੍ਰੀਵੈਨਸ਼ਨ ਆਫ ਆਫੈਂਸਿਜ਼ ਅਗੇਂਸਟ ਹੋਲੀ ਸਕ੍ਰਿਪਚਰਜ਼ ਬਿੱਲ 2025 ਜਿਸਨੂੰ ਸਰਕਾਰ ਬਣਾਉਣਾ ਚਾਹੁੰਦੀ ਹੈ, ਦੇ ਤਹਿਤ ਫੌਜਦਾਰੀ ਕਾਰਵਾਈ ਵੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹੀ ਕਾਰਵਾਈ ਉਸ ਸੰਦੀਪ ਪਾਠਕ ਦੇ ਖਿਲਾਫ ਹੋਣੀ ਚਾਹੀਦੀ ਹੈ ਜਿਸਨੇ ਦਿੱਲੀ ਵਿਚ ਮਹਿਰੌਲੀ ਤੋਂ ਪਾਰਟੀ ਟਿਕਟ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਨਰੇਸ਼ ਯਾਦਵ ਨੂੰ ਦੇਣ ਦੀ ਵਕਾਲਤ ਕੀਤੀ ਅਤੇ ਉਸ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਵੀ ਹੋਣੀ ਚਾਹੀਦੀ ਹੈ ਜਿਸਨੇ ਟਿਕਟ ਦੀ ਮਨਜ਼ੂਰੀ ਦਿੱਤੀ।
ਹੋਰ ਵੇਰਵੇ ਸਾਂਝੇ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ, ਜਿਹਨਾਂ ਨੇ ਮਾਲੇਰਕੋਟਲਾ ਦੀ ਆਗੂ ਜ਼ਾਹਿਦਾ ਸੁਲੇਮਾਨ ਦੇ ਨਾਲ ਰਲ ਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ, ਨੇ ਦੱਸਿਆ ਕਿ ਨਰੇਸ਼ ਯਾਦਵ ਨੂੰ ਜੂਨ 2016 ਵਿਚ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਇਸ ਗੱਲ ਦਾ ਠੋਸ ਸਬੂਤ ਸਾਹਮਣੇ ਆਇਆ ਕਿ ਉਸਨੇ ਮੁਲਜ਼ਮਾਂ ਦੇ ਖਾਤੇ ਵਿਚ 90 ਲੱਖ ਰੁਪਏ ਪਾਏ ਅਤੇ ਉਹਨਾਂ ਨੂੰ 13 ਵਾਰ ਫੋਨ ਕੀਤੇ।
ਉਹਨਾਂ ਕਿਹਾ ਕਿ ਹਰਪਾਲ ਚੀਮਾ ਅਤੇ ਹਰਜੋਤ ਬੈਂਸ ਦੋਵਾਂ ਨੇ ਅਦਾਲਤ ਵਿਚ ਨਰੇਸ਼ ਯਾਦਵ ਦਾ ਪੱਖ ਪੂਰਿਆ ਅਤੇ ਜਦੋਂ ਆਪ ਸਰਕਾਰ ਸੱਤਾ ਵਿਚ ਆਈ ਤਾਂ ਮਾਮਲੇ ਵਿਚ ਸ਼ਿਕਾਇਤਕਰਤਾ ਨੂੰ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ।
ਉਹਨਾਂ ਕਿਹਾ ਕਿ ਸਰਕਾਰੀ ਪੱਖ ਦੇ ਵਕੀਲੇ ਨੇ ਅਦਾਲਤ ਵਿਚ ਇਹ ਦਾਅਵਾ ਕੀਤਾ ਕਿ ਕੇਸ ਵਿਚ ਸ਼ਿਕਾਇਤਕਰਤਾ ਕੇਸ ਵਾਪਸ ਲੈਣਾ ਚਾਹੁੰਦਾ ਹੈ ਪਰ ਇਸਦੇ ਬਾਵਜੂਦ ਸੈਸ਼ਨਜ਼ ਅਦਾਲਤ ਨੇ ਨਰੇਸ਼ ਯਾਦਵ ਨੂੰ ਦੋਸ਼ੀ ਠਹਿਰਾਇਆ।
ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਆਪ ਤੇ ਕਾਂਗਰਸ ਦੋਵਾਂ ਨੇ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਕੀਤੀ ਹੈ। ਉਹਨਾਂ ਕਿਹਾ ਕਿ ਆਪ ਕਾਂਗਰਸ ਦੇ ਨਕਸ਼ੇ ਕਦਮ ’ਤੇ ਚਲ ਰਹੀ ਹੈ ਜਿਸਨੇ 2018 ਵਿਚ ਬੇਅਦਬੀ ’ਤੇ ਵਿਸ਼ੇਸ਼ ਇਜਲਾਸ ਸੱਦਿਆ ਸੀ ਜਿਸਦਾ ਕੋਈ ਨਤੀਜਾ ਨਹੀਂ ਨਿਕਲਿਆ ਸੀ। ਉਹਨਾਂ ਕਿਹਾ ਕਿ ਹੁਣ ਆਪ ਸਰਕਾਰ ਨੇ ਇਹ ਮੁੱਦਾ ਛੇੜਣ ਦੀ ਕੋਸ਼ਿਸ਼ ਕੀਤੀ ਹੈ ਤੇ ਇਕ ਸਲਾਹਕਾਰ ਕਮੇਟੀ ਬਣਾ ਦਿੱਤੀ ਹੈ ਜਿਸਨੂੰ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਲੋਕਾਂ ਤੋਂ ਸੁਝਾਅ ਲਵੇ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਛੇ ਮਹੀਨੇ ਬਾਅਦ ਫਿਰ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਇਸ ਮੁੱਦੇ ’ਤੇ ਹੋਰ ਰਾਜਨੀਤੀ ਕੀਤੀ ਜਾਵੇਗੀ।
ਕਾਂਗਰਸ ਪਾਰਟੀ ਦੀ ਗੱਲ ਕਰਦਿਆਂ ਸਰਦਾਰ ਰੋਮਾਣਾ ਨੇਕਿਹਾ ਕਿ ਪਰਗਟ ਸਿੰਘ ਨੇ ਵਿਧਾਨ ਸਭਾ ਵਿਚ ਆਖਿਆ ਹੈ ਕਿ ਪਿਛਲੀ ਕਾਂਗਰਸ ਦੀ ਸਰਕਾਰ ਵੇਲੇ ਪਾਰਟੀ ਵਿਚ ਦੋ ਧੜੇ ਸਨ ਜਿਹਨਾਂ ਵਿਚੋਂ ਇਕ ਬੇਅਦਬੀ ਦੇ ਮੁੱਦੇ ਨੂੰ ਰਾਜਨੀਤੀ ਵਾਸਤੇ ਵਰਤਣ ਤੇ ਅਕਾਲੀ ਦਲ ਦੇ ਆਗੂਆਂ ਨੂੰ ਕੇਸ ਵਿਚ ਦੋਸ਼ੀ ਠਹਿਰਾਉਣ ਦੇ ਹੱਕ ਵਿਚ ਸੀ। ਉਹਨਾਂ ਕਿਹਾ ਕਿ ਪਰਗਟ ਸਿੰਘ ਨੂੰ ਦੋਵਾਂ ਧੜਿਆਂ ਦੇ ਆਗੂਆਂ ਦੇ ਨਾਂ ਜਨਤਕ ਕਰਨੇ ਚਾਹੀਦੇ ਹਨ।
ਸਰਦਾਰ ਰੋਮਾਣਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਬੇਅਦਬੀ ਦੇ ਮੁੱਦੇ ’ਤੇ ਆਪਣੇ ਸੁਝਾਅ ਦਿੱਤੇ ਹਨ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਵਿਖਾਵਾਕਾਰੀਆਂ ’ਤੇ ਗੋਲੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਇਹ ਵੀ ਦੱਸਣ ਕਿ 1984 ਵਿਚ ਪਾਠ ਕਰ ਰਹੇ ਗ੍ਰੰਥੀ ਸਿੰਘਾਂ ’ਤੇ ਗੋਲੀਆਂ ਕਿਉਂ ਚਲਾਈਆਂ ਗਈਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਗੋਲੀਆਂ ਕਿਉਂ ਚਲਾਈਆਂ ਗਈਆਂ ਜੋ ਪਵਿੱਤਰ ਸਰੂਪਾਂ ਵਿਚ ਵੱਜੀਆਂ।
ਉਹਨਾਂ ਨੇ ਦੋਸ਼ ਲਾਇਆ ਕਿ ਬੇਅਦਬੀ ਦੇ ਮਾਮਲੇ ਵਿਚ ਫਰੀਦਕੋਟ ਦੇ ਪਿੰਡ ਬਰਗਾੜੀ ਵਿਚ ਬਲਜੀਤ ਸਿੰਘ ਦਾਦੂਵਾਲ ਵੱਲੋਂ ਧਰਨਾ ਸ਼ੁਰੂ ਕਰਵਾਉਣ ਪਿੱਛੇ ਕਾਂਗਰਸ ਦਾ ਹੱਥ ਸੀ ਅਤੇ ਇਸੇ ਸਾਜ਼ਿਸ਼ ਤਹਿਤ ਕੇਸ ਦੀ ਜਾਂਚ ਸੀ ਬੀ ਆਈ ਤੋਂ ਵਾਪਸ ਲਈ ਗਈ ਤੇ ਪੰਜਾਬ ਪੁਲਿਸ ਹਵਾਲੇ ਕੀਤੀ ਗਈ। ਉਹਨਾਂ ਕਿਹਾ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਉਦੋਂ ਕਾਂਗਰਸ ਦੇ ਕਹਿਣ ’ਤੇ ਹੀ ਨਿਆਂ ਖ਼ਾਤਰ ਜਾਂਚ ਸੀ ਬੀ ਆਈ ਹਵਾਲੇ ਕੀਤੀ ਗਈ ਸੀ।
ਅਕਾਲੀ ਦਲ ਦੇ ਆਗੂ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪ ਦੇ ਕਿਸੇ ਆਗੂ ਜਾਂ ਮੰਤਰੀ ਜਾਂ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਮਾਲੇਰਕੋਟਲਾ ਵਿਚ ਹੋਈ ਬੇਅਦਬੀ ਦਾ ਮੁੱਦਾ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਉਲਟਾ ਦੋਸ਼ੀ ਨਰੇਸ਼ ਯਾਦਵ ਨੂੰ ਮਹਿਰੌਲੀ ਤੋਂ ਮੁੜ ਪਾਰਟੀ ਉਮੀਦਵਾਰ ਬਣਾਇਆ ਗਿਆ ਅਤੇ ਜਦੋਂ ਦਿੱਲੀ ਵਿਚ ਮੁਸਲਿਮ ਭਾਈਚਾਰੇ ਨੇ ਇਸਦਾ ਵਿਰੋਧ ਕੀਤਾ ਤਾਂ ਉਸ ’ਤੇ ਮੁੜ ਵਿਚਾਰ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਵਿੱਤ ਮੰਤਰੀ ਹਰਪਾਲ ਚੀਮਾ ਤੁਰੰਤ ਅਸਤੀਫਾ ਦੇਣ ਅਤੇ ਕਿਹਾ ਕਿ ਚੀਮਾ ਨੇ ਹੀ ਨਰੇਸ਼ ਯਾਦਵ ਦੀ ਹਮਾਇਤ ਕੀਤੀ ਤੇ ਪੁਸ਼ਤ ਪਨਾਹੀ ਕੀਤੀ।

English






