ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਟਿਆਲਾ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਲਈ 100 ਟਰੱਕ ਮੱਕੀ ਦੇ ਅਚਾਰ ਦੇ ਟਰੱਕ ਕੀਤੇ ਰਵਾਨਾ

ਅਕਾਲੀ ਦਲ ਪਹਿਲਾਂ ਹੀ 500 ਟਰੱਕ ਮੱਕੀ ਦੇ ਅਚਾਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ’ਚ ਵੰਡ ਚੁੱਕਿਐ
ਚਮਕੌਰ ਸਾਹਿਬ, 9 ਅਕਤੂਬਰ 2025
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ  ਨੇ ਅੱਜ ਪਟਿਆਲਾ, ਜਲੰਧਰ ਅਤੇ ਕਪੂਰਥਲਾ ਦੇ ਹੜ੍ਹ ਮਾਰੇ ਇਲਾਕਿਆਂ ਵਾਸਤੇ 100 ਟਰੱਕੀ ਮੱਕੀ ਦੇ ਅਚਾਰ ਦੇ ਟਰੱਕ ਰਵਾਨਾ ਕੀਤੇ।ਸ਼੍ਰੋਮਣੀ ਅਕਾਲੀ ਦਲ ਸੂਬੇ ਭਰ ਵਿਚ ਹੜ੍ਹ ਮਾਰੇ ਇਲਾਕਿਆਂ ਵਾਸਤੇ 500 ਟਰੱਕ ਮੱਕੀ ਦੇ ਅਚਾਰ ਦੇ ਵੰਡ ਚੁੱਕਾ ਹੈ।

ਉਹਨਾਂ ਕਿਹਾ ਕਿ ਅਸੀਂ ਅੱਜ ਪ‌ਟਿਆਲਾ ਵਿਚ ਘੱਗਰ ਨੇੜਲੇ ਅਤੇ ਸੁਲਤਾਨਪੁਰ ਲੋਧੀ ਇਲਾਕਿਆਂ ਵਾਸਤੇ ਮੱਕੀ ਦੇ ਅਚਾਰ ਦੇ 10 ਹਜ਼ਾਰ ਕੁਇੰਟਲ ਦੇ ਟਰੱਕ ਰਵਾਨਾ ਕੀਤੇ ਹਨ ਕਿਉਂਕਿ ਇਹਨਾਂ ਇਲਾਕਿਆਂ ਵਿਚੋਂ ਕਿਸਾਨਾਂ ਦੀ ਮੰਗ ਆ ਰਹੀ ਸੀ।

ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੇ ਵਰਕਰ ਹੜ੍ਹ ਮਾਰੇ ਇਲਾਕਿਆਂ ਵਿਚ ਗਰੀਬ ਪਰਿਵਾਰਾਂ ਨੂੰ ਵੰਡਣ ਵਾਸਤੇ ਕਣਕ ਇਕੱਠੀ ਕਰਨਗੇ। ਉਹਨਾਂ ਕਿਹਾ ਕਿ ਅਸੀਂ ਇਕ ਲੱਖ ਏਕੜ ਖੇਤੀਬਾੜੀ ਰਕਬੇ ਵਿਚ ਸਰਟੀਫਾਈਡ ਬੀਜ ਵੰਡਣ ਵਾਸਤੇ ਵੀ ਦ੍ਰਿੜ੍ਹ ਸੰਕਲਪ ਹਾਂ ਅਤੇ ਨਾਲ ਹੀ ਹੜ੍ਹ ਮਾਰੇ ਇਲਾਕਿਆਂ ਵਿਚ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਕਣਕ ਵੀ ਵੰਡਾਂਗੇ। ਉਹਨਾਂ ਕਿਹਾ ਕਿ ਇਹ ਕੰਮ ਅਗਲੇ ਇਕ ਹਫਤੇ ਵਿਚ ਸ਼ੁਰੂ ਹੋ ਜਾਵੇਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਹੜ੍ਹ ਮਾਰੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਵਾਸਤੇ ਸਥਾਪਿਤ ਕੀਤਾ ਗਿਆ ਕੇਂਦਰ ਪੂਰੇ ਜ਼ੋਰਾਂ ਨਾਲ ਕੰਮ ਕਰ ਰਿਹਾ ਹੈ ਤੇ ਉਸਨੇ ਥੋੜ੍ਹੇ ਹੀ ਸਮੇਂ ਵਿਚ ਸ਼ਲਾਘਾਯੋਗ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਮਦਦ ਲਈ ਹਰ ਆਵਾਜ਼ ’ਤੇ ਮਦਦ ਪਹੁੰਚਾ ਰਹੇ ਹਾਂ। ਉਹਨਾਂ ਕਿਹਾ ਕਿ ਮੈਂ ਸਾਰੇ ਅਕਾਲੀ ਵਰਕਰਾਂ ਦਾ ਧੰਨਵਾਦੀ ਹਾਂ ਜਿਹਨਾਂ ਨੇ ਇਸ ਕੰਮ ਵਿਚ ਸਵੈ ਇੱਛਾ ਨਾਲ ਸ਼ਮੂਲੀਅਤ ਕੀਤੀ ਹੈ। ਉਹਨਾਂ ਕਿਹਾ ਕਿ ਇਹਨਾਂ ਵਰਕਰਾਂ ਦੀ ਬਦੌਲਤ ਹੀ ਪਾਰਟੀ ਸੂਬੇ ਦੇ ਹੜ੍ਹ ਮਾਰੇ ਇਲਾਕਿਆਂ ਵਿਚ ਫੋਗਿੰਗ ਵੀ ਸਫਲਤਾ ਨਾਲ ਕਰ ਸਕੀ ਹੈ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਢਿੱਲੋਂ, ਜਗਮੋਹਣ ਸਿੰਘ ਸੰਧੂ, ਪਰਵਿੰਦਰ ਸਿੰਘ ਸੋਹਾਣਾ ਅਤੇ ਰਵਿੰਦਰ ਸਿੰਘ ਖੇੜਾ ਵੀ ਹਾਜ਼ਰ ਸਨ।