ਆਸ਼ਾ ਵਰਕਰਾਂ ਵੱਲੋਂ 4 ਦਿਨਾਂ ਵਿਚ 24.7 ਲੱਖ ਘਰਾਂ ਦਾ ਕੀਤਾ ਗਿਆ ਸਰਵੇਖਣ : ਬਲਬੀਰ ਸਿੱਧੂ

ਚੰਡੀਗੜ੍ਹ, 24 ਮਈ:
ਮਿਸ਼ਨ ਫ਼ਤਿਹ 2.0 ਦੇ ਪਹਿਲੇ ਚਾਰ ਦਿਨਾਂ ਦੌਰਾਨ, ਆਸ਼ਾ ਵਰਕਰਾਂ ਵੱਲੋਂ 91.2 ਲੱਖ ਆਬਾਦੀ ਨੂੰ ਕਵਰ ਕਰਦੇ ਹੋਏ ਕੁੱਲ 24.7 ਲੱਖ ਘਰਾਂ ਦਾ ਸਰਵੇਖਣ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੰਘ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।
ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਿਹਤ ਵਿਭਾਗ ਨੇ ਹਾਲ ਹੀ ਵਿੱਚ ਮਿਸ਼ਨ ਫ਼ਤਿਹ 2.0 ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਉਦੇਸ਼ ਪਿੰਡਾਂ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਦੀ ਜਾਂਚ ਕਰਨਾ ਹੈ। ਉਨ੍ਹਾਂ ਕਿਹਾ ਕਿ ਦਿਹਾਤੀ ਇਲਾਕਿਆਂ ਵਿੱਚ ਮੌਤ ਦਰ ਸ਼ਹਿਰੀ ਇਲਾਕਿਆਂ ਨਾਲੋਂ ਵਧੇਰੇ ਹੈ, ਸਿਹਤ ਵਿਭਾਗ ਲੱਛਣਾਂ ਵਾਲੇ ਸਾਰੇ ਵਿਅਕਤੀਆਂ ਦੀ ਕੋਵਿਡ ਦੀ ਜਾਂਚ ਨੂੰ ਯਕੀਨੀ ਬਣਾਉਣ ਲਈ ਇਹ ਮੁਹਿੰਮ ਚਲਾ ਰਿਹਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਸਿਹਤ ਵਿਭਾਗ ਵਿਚ ਵਿਸ਼ਵਾਸ ਜਤਾਇਆ ਹੈ ਅਤੇ ਟੈਸਟ ਕਰਵਾਉਣ ਲਈ ਅੱਗੇ ਆ ਰਹੇ ਹਨ। ਕੋਵਿਡ-19 ਲਈ ਕੁੱਲ 65,126 ਵਿਅਕਤੀਆਂ ਦਾ ਟੈਸਟ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 2036 ਵਿਅਕਤੀ ਪਾਜ਼ੇਟਿਵ ਆਏ ਹਨ। ਘਰੇਲੂ ਇਕਾਂਤਵਾਸ ਵਾਲੇ ਸਾਰੇ 1896 ਮਰੀਜ਼ਾਂ ਨੂੰ ਮਿਸ਼ਨ ਫ਼ਤਿਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਦਕਿ 140 ਮਰੀਜ਼ਾਂ ਨੂੰ ਐਲ 2 / ਐਲ 3 ਦੀ ਸਹੂਲਤ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਕੁੱਲ 182 ਗਰਭਵਤੀ ਔਰਤਾਂ ਨੂੰ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ ਗਰਭਵਤੀ ਔਰਤਾਂ ਦੀ ਰੋਜ਼ਾਨਾ ਨਿਗਰਾਨੀ ਰਾਜ ਦੇ ਮੁੱਖ ਦਫ਼ਤਰ ਵੱਲੋਂ ਕੀਤੀ ਜਾ ਰਹੀ ਹੈ। ਕੋਵਿਡ ਪਾਜ਼ੇਟਿਵ ਅਤੇ ਆਮ ਲੋਕਾਂ ਲਈ ਟੈਲੀ-ਕੰਸਲਟੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਉਹਨਾਂ ਦੱਸਿਆ ਕਿ ਟੈਲੀ- ਕੰਸਲਟੈਂਸੀ ਲਈ ਹੋਰ ਮੈਡੀਕਲ ਅਧਿਕਾਰੀ ਨਿਯੁਕਤ ਕੀਤੇ ਜਾ ਰਹੇ ਹਨ। ਕੋਵਿਡ ਪਾਜ਼ੇਟਿਵ ਗਰਭਵਤੀ ਔਰਤਾਂ ਲਈ ਅੱਜ ਇਕ ਵਿਸ਼ੇਸ਼ ਹੈਲਪਲਾਈਨ ਨੰਬਰ (0172-2744041) ਸ਼ੁਰੂ ਕੀਤਾ ਗਿਆ ਹੈ ਜੋ ਰੋਜਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹੇਗਾ।