ਮੈਡੀਕਲ ਅਫਸਰ ਕਿਸੇ ਵੀ ਹਾਲਤ ਵਿਚ ਆਪਣਾ ਸਟੇਸ਼ਨ ਨਾ ਛੱਡਣ
ਰੂਪਨਗਰ, 24 ਮਾਰਚ 2022
ਸਰਕਾਰੀ ਹਸਪਤਾਲਾਂ ਵਿਚ 24 ਘੰਟੇ ਮਿਆਰੀ ਐਮਰਜੈਂਸੀ ਸੇਵਾਵਾਂ ਯਕੀਨੀ ਤੌਰ ਉੱਤੇ ਮੁੱਹਈਆ ਹੋਣ ਜਿਸ ਲਈ ਇਹ ਅਤਿ ਲਾਜ਼ਮੀ ਹੈ ਕਿ ਮੈਡੀਕਲ ਅਫਸਰ ਕਿਸੇ ਵੀ ਹਾਲਤ ਵਿਚ ਆਪਣਾ ਸਟੇਸ਼ਨ ਨਾ ਛੱਡਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਰੂਪਨਗਰ ਹਲਕਾ ਸ਼੍ਰੀ ਦਿਨੇਸ ਚੱਢਾ ਨੇ ਸਰਕਾਰੀ ਹਸਪਤਾਲ ਦੇ ਮੈਡੀਕਲ ਅਫਸਰਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।
ਹੋਰ ਪੜ੍ਹੋ :-ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕਰਵਾਈ ਜਾ ਰਹੀ ਮੁਫਤ ਕੋਚਿੰਗ
ਉਨ੍ਹਾਂ ਨੇ ਮੀਟਿੰਗ ਵਿੱਚ ਹਸਪਤਾਲ ਦੇ ਸਟਾਫ ਤੋਂ ਸੇਵਾਵਾਂ ਸਬੰਧੀ ਆ ਰਹੀਆਂ ਸਮੱਸਿਆ ਬਾਰੇ ਪੁੱਛਿਆ ਅਤੇ ਭਰੋਸਾ ਦਿੱਤਾ ਕਿ ਸਿਹਤ ਸੇਵਾਵਾਂ ਵਿੱਚ ਜੋ ਵੀ ਕਮੀ ਹੈ ਉਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਹੈਲਥ ਸਿਸਟਮ ਵਿਚ ਵਿਆਪਕ ਪੱਧਰ ਉਤੇ ਸੁਧਾਰ ਕਰਨ ਦੀ ਲੋੜ ਹੈ ਜਿਸ ਨੂੰ ਠੀਕ ਕਰਨ ਲਈ ਠੋਸ ਕਦਮ ਚੁੱਕੇ ਜਾਣਗੇ।
ਉਨ੍ਹਾਂ ਡਾਕਟਰਾਂ ਨੂੰ ਆਪਣੀ ਡਿਊਟੀ ਉੱਤੇ ਸਹੀ ਸਮੇਂ ‘ਤੇ ਹਾਜ਼ਰ ਹੋਣ ਲਈ ਕਿਹਾ ਤਾਂ ਹੋ ਲੋੜਵੰਦ ਮਰੀਜ਼ਾਂ ਵਿਚ ਸਰਕਾਰੀ ਸਿਹਤ ਪ੍ਰਣਾਲੀ ਪ੍ਰਤੀ ਹੋਰ ਵਿਸ਼ਵਾਸ ਪੈਦਾ ਹੋਵੇ। ਉਨ੍ਹਾਂ ਮੀਟਿੰਗ ਵਿਚ ਹਾਜ਼ਿਰ ਡਾਕਟਰਾਂ ਅਤੇ ਸਟਾਫ ਨੂੰ ਕਿਹਾ ਕਿ ਜੇਕਰ ਸਿਹਤ ਸੇਵਾਵਾਂ ਮੁੱਹਈਆ ਕਰਵਾਉਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦੱਸ ਸਕਦੇ ਹਨ।
ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਮੌਜੂਦਾ ਸਮੇਂ ਵਿਚ ਜਿੰਨੇ ਵੀ ਸਰੋਤ ਉਪਲਬਧ ਹਨ, ਉਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਮਰੀਜ਼ਾਂ ਨੂੰ ਲਾਭ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਵਲੋਂ ਐਂਬੂਲੈਂਸਾਂ ਦੀ ਸਮੱਸਿਆ ਉੱਤੇ ਕਾਰਵਾਈ ਕੀਤੀ ਗਈ ਸੀ ਜਿਸ ਉਪਰੰਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੇ ਜਲਦ ਹੀ ਐਂਬੂਲੈਂਸਾਂ ਦੀ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਰੂਪ ਰੇਖਾ ਤਿਆਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਠੀਕ ਇਸੇ ਤਰਾਂ ਹੀ ਸਰਕਾਰੀ ਹਸਪਤਾਲ ਵਿਚ ਮਿਲਣ ਵਾਲੀ ਹਰ ਸੇਵਾ ਵਿੱਚ ਸੁਧਾਰ ਕਰਕੇ ਆਮ ਲੋਕਾਂ ਨੂੰ ਮੁੱਹਈਆ ਕਰਵਾਇਆ ਜਾਵੇਗਾ ਜਿਸ ਨੂੰ ਹਾਸਲ ਕਰਨ ਵਿਚ ਡਾਕਟਰਾਂ ਸਮੇਤ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਆਪਣਾ ਪੂਰਨ ਸਹਿਯੋਗ ਦੇਵੇ।
ਉਨ੍ਹਾਂ ਕਿਹਾ ਸਾਡਾ ਮੁੱਖ ਟੀਚਾ ਐਮਰਜੈਂਸੀ ਸੇਵਾਵਾਂ ਵਿੱਚ ਸੁਧਾਰ ਕਰਨਾ ਹੈ ਤਾਂ ਜੋ ਸਰਕਾਰੀ ਹਸਪਤਾਲ ਵਿਚ ਗੰਭੀਰ ਮਰੀਜਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਸ਼੍ਰੀ ਦਿਨੇਸ਼ ਚੱਢਾ ਨੇ ਮੀਟਿੰਗ ਵਿੱਚ ਅੱਗੇ ਕਿਹਾ ਕਿ ਸਰਕਾਰ ਵਲੋਂ ਜਾਰੀ ਕੀਤੀ ਗਈ ਵਿੱਤੀ ਸਹਾਇਤਾ ਦਾ ਇੱਕ-ਇੱਕ ਪੈਸਾ ਪੂਰੇ ਸੁਚੱਜੇ ਢੰਗ ਨਾਲ ਵਰਤਿਆ ਜਾਵੇ। ਗਾਇਨੀ ਵਿਭਾਗ ਵਿੱਚ ਅਲਟਰਾਸਾਂਊਡ ਦੀ ਸੁਵਿਧਾਂ ਦੀ ਉਪਲੱਬਧਤਾ ਲਈ ਜਰੂਰੀ ਕਦਮ ਚੁੱਕਣ ਹਿੱਤ ਐਸਐਮਓ ਰੂਪਨਗਰ ਨੂੰ ਹਦਾਇਤ ਕੀਤੀ। ਇਸ ਦੇ ਨਾਲ ਹੀ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਆਉਣ ਵਾਲੇ ਲੋਕਾ ਨਾਲ ਨਰਮੀ ਭਰਿਆ ਵਤੀਰਾ ਰੱਖਿਆ ਜਾਵੇ। ਸਾਫ-ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਗੈਰਜਰੂਰੀ ਰੈਫਰਲਾਂ ਤੋਂ ਬਚਿਆ ਜਾਵੇ।
ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਡਾਕਟਰ ਜਾਂ ਅਧਿਕਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ^ਪਰੇਸ਼ਾਨੀ ਪੇਸ਼ ਆਂਉਦੀ ਹੈ ਜਾਂ ਉਹਨਾਂ ਕੋਲ ਸਿਹਤ ਸੇਵਾਵਾਂ ਨੂੰ ਬਿਹਤਰ ਕਰਨ ਲਈ ਕੋਈ ਵੀ ਸੁਝਾਅ ਹੈ ਤਾਂ ਸਿੱਧਾਂ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੋਕੇ ਸਿਵਲ ਸਰਜਨ ਡਾਕਟਰ ਪਰਮਿੰਦਰ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਅੰਜੂ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗਾਇਤਰੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ, ਐਸ.ਐਮ.ਓ. ਡਾ. ਤਰਸੇਮ ਸਿੰਘ, ਜਿਲ੍ਹਾ ਸਿਹਤ ਅਫਸਰ ਡਾ. ਹਰਿੰਦਰ ਸਿੰਘ , ਡੀ.ਡੀ.ਐਚ.ਓ. ਡਾ. ਆਰ.ਪੀ.ਸਿੰਘ, ਸਿਵਲ ਹਸਪਤਾਲ ਦੇ ਸਮੂਹ ਡਾਕਟਰ ਅਤੇ ਸਟਾਫ਼ ਹਾਜਰ ਸਨ।

English




