ਦੋ ਸਾਲਾਂ ਤੋਂ ਪਰਾਲੀ ਨੂੰ ਖੇਤਾਂ ‘ਚ ਹੀ ਵਾਹੁਣ ਵਾਲੇ ਪਿੰਡ ਨੱਥੂ ਮਾਜਰਾ ਦੇ ਕਿਸਾਨ ਜਗਜੀਤ ਸਿੰਘ ਨੇ ਆਪਣੇ ਤਜਰਬੇ ‘ਤੇ ਪ੍ਰਗਟਾਈ ਸੰਤੁਸ਼ਟੀ
-ਕੰਬਾਈਨ ‘ਤੇ ਲਗਾਏ ਸੁਪਰ ਐਸ.ਐਮ.ਐਸ. ਨੇ ਪਰਾਲੀ ਦੇ ਨਿਪਟਾਰੇ ਨੂੰ ਕੀਤਾ ਆਸਾਨ : ਜਗਜੀਤ ਸਿੰਘ
-ਖਾਦਾਂ ਦੇ ਖਰਚੇ ‘ਚ ਆਈ ਕਮੀ
ਪਟਿਆਲਾ, 8 ਅਕਤੂਬਰ:
ਪਿਛਲੇ ਦੋ ਸਾਲਾਂ ਤੋਂ ਪਰਾਲੀ ਨੂੰ ਖੇਤਾਂ ‘ਚ ਹੀ ਵਾਹੁਣ ਵਾਲੇ ਬਲਾਕ ਘਨੌਰ ਦੇ ਪਿੰਡ ਨੱਥੂ ਮਾਜਰਾ ਦੇ ਕਿਸਾਨ ਜਗਜੀਤ ਸਿੰਘ ਨੇ ਆਪਣੇ ਇਸ ਤਜਰਬੇ ‘ਤੇ ਸੰਤੁਸ਼ਟਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਜਿਥੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ, ਉਥੇ ਹੀ ਖਾਦਾਂ ਦੀ ਘੱਟ ਵਰਤੋਂ ਸਦਕਾ ਖੇਤੀ ਖਰਚਿਆਂ ਵਿੱਚ ਵੀ ਕਮੀ ਆਈ ਹੈ।
ਜਗਜੀਤ ਸਿੰਘ ਨੇ ਆਪਣੇ ਦੋ ਸਾਲਾਂ ਦੇ ਤਜਰਬੇ ਸਾਂਝੇ ਕਰਦਿਆ ਦੱਸਿਆ ਕਿ ਉਸ ਨੇ ਆਪਣੀ 35 ਏਕੜ ਜਮੀਨ ‘ਚ ਦੋ ਸਾਲ ਪਹਿਲਾਂ ਅੱਗ ਨਾ ਲਗਾਉਣ ਦਾ ਅਹਿਦ ਲਿਆ ਸੀ ਅਤੇ ਫੇਰ ਉਸਨੇ ਆਪਣੀ ਕੰਬਾਈਨ ‘ਤੇ ਸੁਪਰ ਐਸ.ਐਮ.ਐਸ. ਲਗਵਾਇਆ ਅਤੇ ਉਸ ਤੋਂ ਬਾਅਦ ਲਗਾਤਾਰ ਇਸ ਦੀ ਵਰਤੋਂ ਨਾਲ ਝੋਨੇ ਦੀ ਕਟਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਪਰਾਲੀ ਨੂੰ ਖੇਤਾਂ ‘ਚ ਹੀ ਮਿਲਾਉਣ ਦੇ ਲਾਭ ਬਾਰੇ ਦੱਸਦਿਆ ਕਿਹਾ ਕਿ ਇਸ ਨਾਲ ਫ਼ਸਲਾਂ ਲਈ ਲਾਭਦਾਇਕ ਮਿੱਤਰ ਕੀੜਿਆਂ ਨੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਹੈ ਅਤੇ ਪਹਿਲਾਂ ਨਾਲੋਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਵੀ ਘੱਟ ਹੋਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਸੁਪਰ ਐਸ.ਐਮ.ਐਸ ਨਾਲ ਕਟਾਈ ਕਰਨ ਨਾਲ ਪਰਾਲੀ ਦਾ ਜਿਥੇ ਸਹੀ ਨਿਪਟਾਰਾ ਹੁੰਦਾ ਹੈ ਉਥੇ ਹੀ ਵਾਤਾਵਰਨ ਸਾਫ਼-ਸੁਥਰਾ ਰਹਿੰਦਾ ਹੈ ਤੇ ਖੇਤ ਵਿੱਚ ਪਰਾਲੀ ਮਿਲਾਉਣ ਨਾਲ ਜਮੀਨ ਦੀ ਜੈਵਿਕ ਸਥਿਤੀ ਵਿੱਚ ਵੀ ਸੁਧਾਰ ਆਉਂਦਾ ਹੈ ਅਤੇ ਝਾੜ ‘ਤੇ ਵੀ ਕੋਈ ਅਸਰ ਨਹੀਂ ਪੈਦਾ।
ਜਗਜੀਤ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਸਾਰੇ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਵਾਹੁਣ ਨੂੰ ਤਰਜੀਹ ਦੇਣਗੇ ਤਾਂ ਅਸੀ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਉਪਜਾਊ ਜਮੀਨ ਅਤੇ ਸ਼ੁੱਧ ਵਾਤਾਵਰਣ ਨੂੰ ਜ਼ਰੂਰ ਦੇਕੇ ਜਾਵਾਂਗੇ।